ਹਥਿਆਰਬੰਦ ਲੁਟੇਰੇ ਵਪਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕਰਨ ਉਪਰੰਤ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਹੋਏ ਫ਼ਰਾਰ
ਲੁਧਿਆਣਾ, 8 ਅਕਤੂਬਰ (ਨਿਊਜ਼ ਪੰਜਾਬ )- ਸਥਾਨਕ ਗੁਰਦੇਵ ਨਗਰ ‘ਚ ਦੇਰ ਰਾਤ ਤਿੰਨ ਹਥਿਆਰਬੰਦ ਲੁਟੇਰੇ ਵਪਾਰੀ ਦੇ ਮਾਤਾ-ਪਿਤਾ, ਨੌਕਰ ਅਤੇ ਸੁਰੱਖਿਆ ਮੁਲਾਜ਼ਮ ਨੂੰ ਜ਼ਖ਼ਮੀ ਕਰਨ ਉਪਰੰਤ ਘਰ ‘ਚ ਪਏ ਲੱਖਾਂ ਰੁਪਏ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਰਾਤ ਉਸ ਵੇਲੇ ਵਾਪਰੀ ਜਦੋਂ ਵਪਾਰੀ ਸੰਦੀਪ ਪੁਰੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਾਤ ਦਾ ਖਾਣਾ ਖਾਣ ਲਈ ਬਾਹਰ ਗਿਆ ਸੀ। ਘਰ ‘ਚ ਉਸ ਦੇ ਮਾਤਾ-ਪਿਤਾ, ਇਕ ਛੋਟਾ ਨੌਕਰ ਮਨੀਸ਼ ਅਤੇ ਸੁਰੱਖਿਆ ਮੁਲਾਜ਼ਮ ਮੌਜੂਦ ਸੀ। ਦੇਰ ਰਾਤ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਘਰ ਦੇ ਧਾਵਾ ਬੋਲ ਦਿੱਤਾ ਅਤੇ ਇਨ੍ਹਾਂ ਸਾਰਿਆਂ ਨੂੰ ਜ਼ਖਮੀ ਕਰਨ ਉਪਰੰਤ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।