ਮੋਗਾ – ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੰਬਾਇਨ ਮਾਲਕਾਂ ਨਾਲ ਮੀਟਿੰਗ -ਝੋਨੇ ਦੀ ਪਰਾਲੀ ਨਾ ਸਾੜਨ ਅਤੇ ਬਿਨ੍ਹਾਂ ਐਸ.ਐਮ.ਐਸ. ਤੋਂ ਕੰਬਾਇਨਾਂ ਨਾ ਚਲਾਉਣ ਸਬੰਧੀ ਸਹਿਮਤੀ ਬਣੀ
ਸੁਣੋ ਨਿਊਜ਼ ਪੰਜਾਬ ‘ਤੇ – ਵੀਡੀਓ ਵੇਖਣ / ਸੁਣਨ ਲਈ ਇਸ ਲਿੰਕ ਨੂੰ ਖੋਲ੍ਹੋ https://youtu.be/zZNp9QlX5Xk
ਡਾ. ਸਵਰਨਜੀਤ ਸਿੰਘ
ਮੋਗਾ, 30 ਸਤੰਬਰ: ਜਿ਼ਲ੍ਹਾ ਮੋਗਾ ਅੰਦਰ ਝੋਨੇ ਦੀ ਪਰਾਲੀ ਸਾੜਨ ਅਤੇ ਬਿਨ੍ਹਾਂ ਐਸ.ਐਮ.ਐਸ. ਤੋਂ ਕੰਬਾਇਨਾਂ ਚਲਾਉਣ ਦੀ ਰਿਵਾਇਤ ਨੂੰ ਤੋੜਨ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸ ਕੰਮ ਲਈ ਕਿਸਾਨ ਜਥੇਬੰਦੀਆਂ, ਕੰਬਾਇਨ ਮਾਲਕਾਂ ਅਤੇ ਹੋਰ ਧਿਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਕੋਸਿ਼ਸ਼ ਤਹਿਤ ਜਿ਼ਲ੍ਹਾ ਪ੍ਰਸਾਸ਼ਨ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੁੂਆਂ ਅਤੇ ਕੰਬਾਇਨ ਮਾਲਕਾਂ ਨਾਲ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੰਬਾਇਨ ਮਾਲਕਾਂ ਨੇ ਜਿ਼ਲ੍ਹਾ ਪ੍ਰਸਾਸ਼ਨ ਨੁੰ ਭਰੋਸਾ ਦਿੱਤਾ ਕਿ ਉਹ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਅਤੇ ਬਿਨ੍ਹਾਂ ਐਸ.ਐਮ.ਐਸ. ਤੋ ਕੰਬਾਇਨਾਂ ਨਾ ਚਲਾਉਣ ਵਿੱਚ ਸਹਿਯੋਗ ਕਰਨਗੇ।
ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਉਕਤ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਜਿ਼ਲ੍ਹਾ ਪੁਲਿਸ ਮੁੱਖੀ ਸ੍ਰ. ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲੇ ਅੰਦਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨਾਲ ਕਾਰਗਰ ਢੰਗ ਨਾਲ ਹਰ ਹੀਲੇ ਨਿਪਟਿਆ ਜਾਵੇਗਾ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਤੇ ਮਾਰੂ ਪ੍ਰਭਾਵ ਪੈ ਰਹੇ ਹਨ, ਇਸ ਲਈ ਐਸ.ਐਮ.ਐਸ. ਤੋ ਬਿਨਾਂ ਕਿਸੇ ਵੀ ਕੰਬਾਇਨ ਨੂੰ ਚੱਲਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਝੋਨਾ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਸਵੇਰੇ 10.00 ਵਜੇ ਤੋਂ ਪਹਿਲਾਂ ਝੋਨੇ ਦੀ ਫਸਲ ਤੇ ਤਰੇਲ ਕਾਫੀ ਜ਼ਿਆਦਾ ਹੁੰਦੀ ਹੈ। ਇਸ ਤਰੇਲ ਕਾਰਨ ਜਿੱਥੇ ਝੋਨੇ ਦੀਆਂ ਮੁੰਜਰਾਂ ਨਾਲੋ ਦਾਣੇ ਝੜਦੇ ਨਹੀਂ, ਉੱਥੇ ਵੱਧ ਨਮੀ ਕਾਰਨ ਫਸਲ ਦੇ ਦਾਣੇ ਕਾਲੇ ਹੋ ਜਾਂਦੇ ਹਨ ਅਤੇ ਫਸਲ ਦੀ ਕੁਆਲਟੀ ਵਿੱਚ ਗਿਰਾਵਟ ਆ ਜਾਂਦੀ ਹੈ। ਇਸਦੇ ਨਾਲ ਹੀ ਸ਼ਾਮ 7.00 ਵਜੇ ਤੋਂ ਬਾਅਦ ਵੀ ਤਰੇਲ ਪੈਣ ਕਾਰਨ ਅਤੇ ਦੇਰ ਰਾਤ ਫਸਲ ਦੀ ਕਟਾਈ ਕਰਨ ਕਾਰਨ ਨੁਕਸਾਨ ਹੋਣੇ ਸੁਰੂ ਹੋ ਜਾਂਦੇ ਹਨ ਅਤੇ ਅਜਿਹੇ ਝੋਨੇ ਨੂੰ ਜ਼ਿਮੀਦਾਰਾਂ ਵੱਲੋਂ ਮੰਡੀਆਂ ਵਿੱਚ ਲਿਆਉਣ ਤੇ ਨਿਰਧਾਰਤ ਮਾਪਦੰਡਾਂ ਮੁਤਾਬਕ ਨਾ ਹੋਣ ਕਰਕੇ ਖਰੀਦ ਏਜੰਸੀਆਂ ਅਜਿਹੀ ਫਸਲ ਨੂੰ ਖਰੀਦਣ ਤੋਂ ਸੰਕੋਚ ਕਰਦੀਆਂ ਹਨ।
ਇਸ ਤੋਂ ਇਲਾਵਾ ਜ਼ਿਮੀਦਾਰਾਂ ਵੱਲੋਂ ਮੰਡੀਆਂ ਵਿੱਚ ਵੱਧ ਨਮੀਂ ਵਾਲਾ ਝੋਨਾ ਲਿਆਉਣ ਕਰਕੇ ਥਾਂ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ ਅਤੇ ਮੰਡੀਆਂ ਵਿੱਚ ਝੋਨੇ ਦੀ ਭਰਮਾਰ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੁੰਦਾ ਹੈ।ਉਨਾਂ ਇਹ ਵੀ ਦੱਸਿਆ ਕਿ ਸ਼ਾਮ 7.00 ਵਜੇ ਤੋ ਸਵੇਰੇ 10.00 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ ਵੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜਿਲਾ ਮੋਗਾ ਅੰਦਰ ਸੁਪਰ ਸਟਰਾਅ ਮੈਨੇਜਮੈਟ ਸਿਸਟਮ (ਐਸ.ਐਮ.ਐਸ.) ਤੋ ਬਿਨਾਂ ਚੱਲਣ ਵਾਲੀਆਂ ਕੰਬਾਇਨਾਂ ਜਬਤ ਹੋਣਗੀਆਂ ਅਤੇ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਮਾਲਕ ਹਾਰਵੈਸਟਰ ਕੰਬਾਈਨਾਂ ਦੀ ਖੇਤੀਬਾੜੀ ਵਿਭਾਗ ਰਾਹੀਂ ਉਪਰੇਸ਼ਨ ਵਰਦੀਨੈਸ ਇੰਸਪੈਕਸ਼ਨ ਕਰਵਾਉਣ ਨੂੰ ਯਕੀਨੀ ਬਣਾਉਣਾ ਯਕੀਨੀ ਬਣਾਉਣਗੇ।
ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕਿਸਾਨ ਝੋਨੇ ਦੀ ਕਟਾਈ ਤੋ ਬਾਅਦ ਜੋ ਝੋਨੇ ਦੇ ਮੁੱਢ (ਰਹਿੰਦ-ਖੂੰਹਦ) ਰਹਿ ਜਾਂਦੇ ਹਨ, ਉਨਾਂ ਨੂੰ ਟਰੈਕਟਰ ਨਾਲ ਚੱਲਣ ਵਾਲੇ ਰੀਪਰ ਦੇ ਨਾਲ ਵੱਢਦੇ ਹਨ। ਇਸ ਤੋ ਬਾਅਦ ਉਹ ਸਾਰੇ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਬਹੁਤ ਵੱਡਾ ਪ੍ਰਦੂਸ਼ਣ ਹੋ ਜਾਂਦਾ ਹੈ ਕਿਉਕਿ ਨਾੜ ਗਿੱਲਾ ਅਤੇ ਸਲਾਬਾ ਹੁੰਦਾ ਹੈ। ਇਸ ਧੂੰਏ ਕਰਕੇ ਬਹੁਤ ਸਾਰੇ ਐਕਸੀਡੈਟ ਹੁੰਦੇ ਹਨ ਅਤੇ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਧੂੰਏ ਨਾਲ ਜਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ, ਜੋ ਕਿ ਕੋਵਿਡ 19 ਦੇ ਨਾਲ ਨਾਲ ਹੋਰ ਬਿਮਾਰੀਆਂ ਵਿੱਚ ਵੀ ਵਾਧਾ ਕਰਦੀਆਂ ਹਨ। ਛੋਟੇ ਬੱਚਿਆਂ ਦੇ ਤਾਂ ਦਿਮਾਗੀ ਵਿਕਾਸ ਉੱਪਰ ਬਹੁਤ ਬੁਰਾ ਅਸਰ ਪੈਦਾ ਹੈ।
ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਅਤੇ ਡਿਸਾਸਟਰ ਮੈਨੇਜਮੈਟ ਐਕਟ 2005 ਦੀ ਧਾਰਾ 30 ਅਤੇ 34 ਅਧੀਨ ਜ਼ਿਲਾ ਮੋਗਾ ਦੀ ਹਦੂਦ ਅੰਦਰ ਝੋਨੇ ਦੇ ਨਾੜ (ਪਰਾਲੀ) ਨੂੰ ਅੱਗ ਲਗਾਉਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਵੀ ਜਲਦੀ ਫਤਹਿ ਕਰਨ ਲਈ ਇਹ ਹੁਕਮ ਜਾਰੀ ਕਰਨੇ ਲਾਜ਼ਮੀ ਹਨ। ਉਪਰੋਕਤ ਧਾਰਾਵਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਧਾਰਾ 188 ਆਈ.ਪੀ.ਸੀ. ਅਤੇ ਧਾਰਾ 51 ਬੀ ਤਹਿਤ ਕੇਸ ਰਜਿਸਟਰਡ ਕੀਤਾ ਜਾਵੇਗਾ ਜਿਸ ਵਿੱਚ ਕੈਦ ਦੀ ਸਜ਼ਾ ਅਤੇ ਜੁਰਮਾਨਾ ਦੋਨਾਂ ਦਾ ਉਪਬੰਧ ਹੈ।
ਉਨ੍ਹਾਂ ਕਿਹਾ ਕਿ ਜ਼ਿਲਾ ਮੋਗਾ ਦੀ ਹਦੂਦ ਅੰਦਰ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ `ਤੇ ਵੀ ਮਿਤੀ 31 ਦਸੰਬਰ 2020 ਤੱਕ ਮੁਕੰਮਲ ਪਾਬੰਦੀ ਲਗਾਈ ਗਈ ਹੈ।ਜਿਹੜੇ ਕਿਸਾਨਾਂ ਨੇ ਬੇਲਰ ਨਾਲ ਗੰਢਾਂ ਬਣਾਉਣੀਆਂ ਹਨ ਉਹ ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ, ਖੇਤੀਬਾੜੀ ਅਫ਼ਸਰ ਤੋ ਪਹਿਲਾਂ ਮਨਜੂਰੀ ਲੈ ਕੇ ਹੀ ਰੀਪਰ ਚਲਾ ਸਕਦੇ ਹਨ। ਮੀਟਿੰਗ ਵਿੱਚ ਸਮੂਹ ਉਪ ਮੰਡਲ ਮੈਜਿਸਟ੍ਰੇਟ ਅਤੇ ਵੱਖ ਵੱਖ ਵਿਭਾਗਾਂ ਦੇ ਜਿ਼ਲ੍ਹਾ ਅਧਿਕਾਰੀ ਵੀ ਹਾਜ਼ਰ ਸਨ।