ਸੰਸਦ ਘੇਰਨ ਲਈ ਪੁੱਜੇ ਲਿਪ ਅਹੁਦੇਦਾਰਾਂ ਅਤੇ ਵਰਕਰਾਂ ਦਾ ਬੈਂਸ ਨੇ ਕੀਤਾ ਧੰਨਵਾਦ ਪੰਜਾਬ ਬੰਦ ਲਈ ਕਿਸਾਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਦਿਓ ਸਾਥ :ਬੈਂਸ

ਪ੍ਰਿਤਪਾਲ ਸਿੰਘ
ਲੁਧਿਆਣਾ, 24 ਸਤੰਬਰ –  ਲੋਕ ਇਨਸਾਫ ਪਾਰਟੀ ਵਲੋਂ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਵਿੱਢੇ ਗਏ ਸੰਘਰਸ਼ ਤਹਿਤ ਸ਼੍ਰੀ ਫਤਿਹਗੜ੍ਹ ਤੋਂ ਦਿੱਲੀ ਤੱਕ ਰੋਸ ਮਾਰਚ ਕਰਦੇ ਹੋਏ ਸੰਸਦ ਘੇਰਨ ਦੇ ਪ੍ਰੋਗਰਾਮ ਵਿਚ ਪੁੱਜੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਮਾਣ ਹੈ ਆਪਣੀ ਪਾਰਟੀ ਦੇ ਉਨਾ ਹਜਾਰਾਂ ਦੀ ਗਿਣਤੀ ਵਿਚ ਅਹੁਦੇਦਾਰਾਂ ਅਤੇ ਵਰਕਰਾਂ ਤੇ ਜੋ ਸੰਸਦ ਘੇਰਨ ਲਈ ਆਪਣੇ ਬਿਸਤਰੇ, ਕਪੜੇ, ਦਵਾਈਆਂ ਅਤੇ ਹੋਰ ਜਰੂਰਤ ਦੀਆਂ ਚੀਜ਼ਾਂ ਨਾਲ ਲੈ ਕੇ ਪੁੱਜੇ ਸਨ। ਉਨਾ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਹਰੇਕ ਵਰਕਰ ਵਿਚ ਕੁਝ ਕਰ ਵਿਖਾਉਣ ਦਾ ਜ਼ਜ਼ਬਾ ਹੈ, ਜਿਸ ਨੂੰ ਮੈਂ ਸਲਾਮ ਕਰਦਾ ਹਾਂ। ਕਿਉਂਕਿ ਅਸੀ ਦੇਖਦੇ ਹਾਂ ਕਿ ਬਾਕੀ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਫੋਟੋ ਕਰਵਾਉਣ ਤੋਂ ਬਾਦ ਲੱਭਦੇ ਹੀ ਨਹੀ। ਸਿਮਰਜੀਤ ਸਿੰਘ ਬੈਂਸ ਨੇ ਕੇਂਦਰ ਸਰਕਾਰ ਦੀ ਹੱਥਠੋਕਾ ਹਰਿਆਣਾ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਨਾਲ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦਾ ਨੁਕਸਾਨ ਹੋਣਾ ਹੈ, ਪ੍ਰੰਤੂ ਹਰਿਆਣਾ ਸਰਕਾਰ ਆਪਣੇ ਸੂਬੇ ਦੇ ਬਹੁਗਿਣਤੀ ਲੋਕਾਂ ਦੇ ਹੱਕ ਵਿਚ ਖੜਨ ਦੀ ਥਾਂ ਉਨਾ ਦੇ ਸੰਘਰਸ਼ ਨੂੰ ਦਬਾਉਣ ਲਗੀ ਹੋਈ ਹੈ ਅਤੇ ਆਪਣੀ ਗੱਲ ਕੇਂਦਰ ਸਰਕਾਰ ਅਗੇ ਰੱਖਣ ਲਈ ਪੰਜਾਬ ਵਿਚੋਂ ਦਿੱਲੀ ਜਾ ਰਹੇ ਕਿਸਾਨਾ ਅਤੇ ਕਿਸਾਨ ਹਿਤੈਸ਼ੀਆਂ ਤੇ ਜਬਰ-ਜੁਲਮ ਢਾਹ ਰਹੀ ਹੈ। ਉਨਾ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਜੋਧਿਆਂ ਨੇ ਹਰਿਆਣਾ ਬਾਰਡਰ ਤੇ ਜਦੋਂ ਪੁਲਿਸ ਵਲੋਂ ਉਨਾ ਨੂੰ ਰੋਕਿਆ ਗਿਆ ਤਾਂ ਉਨਾ ਘਗਰ ਨਦੀ ਵਿਚੋਂ ਲੰਘਣ ਦੀ ਕੋਸ਼ਿਸ਼ ਵੀ ਕੀਤੀ। ਸਿਮਰਜੀਤ ਸਿੰਘ ਬੈਂਸ ਨੇ ਆਪਣੀ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਕਿਸਾਨ ਜੱਥੇਬੰਦੀਆਂ ਵਲੋਂ 25 ਸਤੰਬਰ ਦੇ ਪੰਜਾਬ ਬੰਦ ਦੇ ਸਦੇ ਨੂੰ ਕਾਮਯਾਬ ਕਰਨ ਲਈ ਉਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ ਤਾਂ ਜੋ ਕੇਂਦਰ ਦੀ ਅੰਨ੍ਹੀ ਤੇ ਬੋਲੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। ਬੈਂਸ ਨੇ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੋਰਦਾਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਜੇਕਰ ਉਹ ਸੱਚ ਮੁੱਚ ਕਿਸਾਨ ਹਿਤੈਸ਼ੀ ਹੈ ਤਾਂ ਸਮੁੱਚੀਆਂ ਕਿਸਾਨ ਜੱਥੇਬੰਦੀਆਂ, ਭਰਾਤਰੀ ਜੱਥੇਬੰਦੀਆਂ, ਕਿਸਾਨ ਹਿਤੈਸ਼ੀ ਸਿਆਸੀ ਪਾਰਟੀਆਂ ਨੂੰ ਇਕ ਜੁੱਟ ਕਰਕੇ ਸਾਝਾਂ ਸੰਘਰਸ਼ ਕਰਨ, ਉਨਾ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਇਸ ਏਕਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਅਤੇ ਕਿਸਾਨਾ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਸਮੇਤ ਸਮੁਚੇ ਦੇਸ਼ ਦੇ ਬਹੁਤ ਸਾਰੇ ਵਰਗਾਂ ਦੇ ਲੋਕ ਇਸ ਤਬਾਹੀ ਤੋਂ ਬੱਚ ਜਾਣਗੇ। ਇਸ ਮੋਕੇ ਬੈਂਸ ਤੋਂ ਇਲਾਵਾ ਲਿੱਪ ਦੇ ਜਨਰਲ ਸਕੱਤਰ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਪ੍ਰਦੀਪ ਸ਼ਰਮਾ ਗੋਗੀ ਅਤੇ ਸਰਬਜੀਤ ਸਿੰਘ ਜਨਕਪੁਰੀ ਹਾਜਰ ਸਨ