ਲੁਧਿਆਣਾ – ਹਥਿਆਰ ਲੈ ਕੇ ਚੱਲਣ ਅਤੇ ਉਸ ਦੇ ਪ੍ਰਦਰਸ਼ਨ ‘ਤੇ ਪੂਰਣ ਤੌਰ ‘ਤੇ ਮਨਾਹੀ – ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਬੰਦੀ ਹੁਕਮ ਜ਼ਾਰੀ
ਇਹ ਹੁਕਮ 26 ਸਤੰਬਰ ਤੱਕ ਰਹੇਗਾ ਲਾਗੂ
ਨਿਊਜ਼ ਪੰਜਾਬ
ਲੁਧਿਆਣਾ, 23 ਸਤੰਬਰ -ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਹਥਿਆਰ ਲੈ ਕੇ ਚੱਲਣ ਅਤੇ ਉਸ ਦੇ ਪ੍ਰਦਰਸ਼ਨ ‘ਤੇ ਪੂਰਣ ਤੌਰ ‘ਤੇ ਪਾਬੰਦੀ ਲਗਾਈ ਹੈ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਆਮ ਜਨਤਾ ਆਪਣੇ ਲਾਇਸੰਸੀ ਹਥਿਆਰ ਨਾਲ ਲੈ ਕੇ ਚੱਲਦੀ ਹੈ ਜਦਕਿ ਜ਼ਿਲ੍ਹੇ ਵਿੱਚ ਚੱਲ ਰਹੇ ਮੌਜੂਦਾ ਹਾਲਾਤਾਂ ਦੌਰਾਨ ਅਜਿਹਾ ਕਰਨ ਨਾਲ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਭੰਗ ਹੋਣ ਦਾ ਅੰਦੇਸ਼ਾ ਹੈ, ਜਿਸ ਨਾਲ ਕਿ ਕਾਨੂੰਨ ਦੀ ਪਾਲਣਾ ਕਰਨ ਲਈ ਤਾਇਨਾਤ ਕੀਤੇ ਗਏ ਵਿਅਕਤੀਆਂ ਦੇ ਕੰਮ ਵਿੱਚ ਵਿਘਨ ਪੈਦਾ ਹੋ ਸਕਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਲਈ ਜ਼ਿਲ੍ਹੇ ਅੰਦਰ ਆਮ ਜਨਤਾ ਲਈ ਲਾਇਸੰਸੀ ਹਥਿਆਰ ਅਤੇ ਹੋਰ ਹਰ ਤਰ੍ਹਾਂ ਦੇ ਹਥਿਆਰ ਜਿਵੇਂ ਟਕੂਏ, ਬਰਛੇ, ਛੂਰੇ, ਤਿਰਸੂਲ ਆਦਿ ਸ਼ਾਮਿਲ ਹਨ, ‘ਤੇ ਚੁੱਕਣ ਨੂੰ ਪਾਬੰਦੀ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਕਤ ਹੁਕਮ ਪੁਲਿਸ, ਹੋਮਗਾਰਡਜ਼, ਜਾਂ ਸੀ.ਆਰ.ਪੀ. ਐਫ ਕਰਮਚਾਰੀਆਂ ਜਿਨ੍ਹਾਂ ਕੋਲ ਸਰਕਾਰੀ ਹਥਿਆਰ ਹਨ ਅਤੇ ਅਸਲਾ ਚੁੱਕਣ ਦੀ ਮੰਨਜ਼ੂਰੀ ਪ੍ਰਾਪਤ ਅਸਲਾ ਲਾਇਸੰਸ ਧਾਰਕਾਂ ‘ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 26 ਸਤੰਬਰ 2020 ਤੱਕ ਲਾਗੂ ਰਹੇਗਾ।