ਸ਼੍ਰੀ ਫਤਿਹਗੜ੍ਹ ਸਾਹਿਬ ਤੋਂ 23 ਸਤੰਬਰ ਬੁੱਧਵਾਰ ਨੂੰ ਦਿੱਲੀ ਲਈ ਰਵਾਨਾ ਹੋਵੇਗਾ ਬੈਂਸ ਦੀ ਅਗਵਾਈ ਹੇਠ ਕਾਫਲਾ -ਕਿਹਾ ਕੈਪਟਨ ਅਮਰਿੰਦਰ ਸਿੰਘ ਕਰੇ ਕਿਸਾਨ ਹਿਤੈਸ਼ੀ ਜੱਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੀ ਅਗਵਾਈ
ਪ੍ਰਿਤਪਾਲ ਸਿੰਘ
ਲੁਧਿਆਣਾ, 22 ਸਤੰਬਰ – ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਰ ਹਾਲਤ ਵਿਚ ਦਿੱਲੀ ਪੁੱਜ ਕੇ ਕਿਸਾਨਾ ਅਤੇ ਪੰਜਾਬ ਦੇ ਲੋਕਾਂ ਦੀ ਅਵਾਜ਼ ਸੰਸਦ ਤੱਕ ਪੁਹੰਚਾਉਣ ਲਈ ਪੁਰਜੋਰ ਯਤਨ ਕਰਨਗੇ। ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਦੁਗਰੀ ਰੋਡ ਤੇ ਸਥਿਤ ਆਪਣੀ ਪਾਰਟੀ ਦੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦੋਰਾਨ ਪੇਸ਼ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀਆਂ ਲੋਕ ਮਾਰੂ ਨੀਤੀਆਂ ਕਾਰਨ, ਦੇਸ਼ ਦੇ ਕੁੱਝ ਕੁ ਉਦਯੋਗਪਤੀਆਂ ਨੂੰ ਲਾਭ ਪੁਹੰਚਾਉਣ ਲਈ ਦੇਸ਼ ਦੇ ਅਰਥਚਾਰੇ ਨੂੰ ਬਹੁਤ ਕਮਜੋਰ ਕਰ ਦਿੱਤਾ ਹੈ। ਉਨਾ ਕਿਹਾ ਕਿ ਹੁਣ ਕਿਸਾਨ ਵਿਰੋਧੀ ਖੇਤੀ ਸੁਧਾਰ ਕਾਨੂੰਨ ਨੂੰ ਡੰਡੇ ਦੇ ਜੋਰ ਨਾਲ ਲੋਕ ਸਭਾ ਅਤੇ ਰਾਜ ਸਭਾ ਵਿਚੋਂ ਪਾਸ ਕਰਵਾ ਲਿਆ ਹੈ ਜਦਕਿ ਸਵਿਧਾਨ ਅਨੁਸਾਰ ਖੇਤੀ ਸਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਰਾਜ ਸਰਕਾਰਾਂ ਕੋਲ ਹੈ। ਬੈਂਸ ਨੇ ਦੱਸਿਆ ਕਿ ਇਸ ਕਾਨੂੰਨ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਲੋਕ ਇਨਸਾਫ ਪਾਰਟੀ ਨੇ ਹੀ ਚੁੱਕੀ ਸੀ ਅਤੇ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਚੰਡੀਗੜ੍ਹ ਤੱਕ 300 ਕਿਲੋਮੀਟਰ ਦੀ ਸਾਈਕਲ ਯਾਤਰਾ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਸੀ, ਇਸ ਕਾਨੂੰਨ ਨਾਲ ਸਭ ਤੋਂ ਵੱਧ ਪੰਜਾਬ ਦੇ ਲੋਕ ਹੀ ਪ੍ਰਭਾਵਿਤ ਹੋਣਗੇ, ਕਿਉਂਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦਾ ਅਰਥਚਾਰਾ ਕਿਸਾਨ ਦੀ ਆਮਦਨ ਨਾਲ ਹੀ ਜੁੜਿਆ ਹੋਇਆ ਹੈ। ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਪੰਜਾਬ ਦਾ ਹਰੇਕ ਵਰਗ ਖੁਸ਼ਹਾਲ ਹੋਵੇਗਾ ਅਗਰ ਕਿਸਾਨ ਤਬਾਹ ਹੋ ਗਿਆ ਤਾਂ ਪੰਜਾਬ ਤਬਾਹ ਹੋ ਜਾਵੇਗਾ। ਬੈਂਸ ਨੇ ਲੋਕ ਇਨਸਾਫ ਪਾਰਟੀ ਵਲੋਂ ਵਿਢੇ ਸੰਘਰਸ਼ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਹਜਾਰਾਂ ਅਹੁਦੇਦਾਰ ਅਤੇ ਵਰਕਰ ਮੋਟਰਸਾਈਕਲਾਂ ਤੇ ਕਾਲੇ ਝੰਡੇ ਲੈ ਕੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ 23 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਦਿੱਲੀ ਲਈ ਰਵਾਨਾ ਹੋਣਗੇ ਅਤੇ ਸੰਸਦ ਘੇਰ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਦਿੱਲੀ ਦੀ ਬੋਲੀ ਸਰਕਾਰ ਦੇ ਕੰਨਾ ਵਿਚ ਪਾਉਣਗੇ। ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਨ ਵਾਲੀਆਂ ਸਮੁੱਚੀਆਂ ਜੱਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੀ ਅਗਵਾਈ ਕਰਨ, ਕਿਉਂਕਿ ਕਿ ਉਹ ਆਲ ਇੰਡੀਆਂ ਜਾਟ ਮਹਾਂਸਭਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਹ ਕਹਿੰਦੇ ਹਨ ਕਿ ਉਨਾ ਦੇ ਦਿਲ ਵਿਚ ਕਿਸਾਨਾ ਲਈ ਦਰਦ ਹੈ। ਬੈਂਸ ਨੇ ਦੱਸਿਆ ਕਿ ਉਨਾ ਮੀਡੀਆ ਰਾਂਹੀ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਅਤੇ ਕਿਸਾਨ ਹਿਤੈਸ਼ੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਬਿੱਲ ਵਿਰੁੱਧ ਉਨਾ ਦੀ ਅਗਵਾਈ ਕਰਨ। ਉਨਾ ਕਿਹਾ ਕਿ ਜੇਕਰ ਸਾਰੇ ਇਕ ਮੁੱਠ ਹੋ ਕੇ ਸੰਘਰਸ਼ ਕਰਦੇ ਹਨ ਤਾਂ ਉਨਾ ਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਨੂੰ ਝੁਕਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਤੇ ਵਰਦਿਆ ਉਨਾ ਕਿਹਾ ਕਿ ਬੀਬਾ ਹਰਸਿਮਰਤ ਕੋਰ ਦਾ ਅਸਤੀਫਾ ਪੰਜਾਬ ਵਾਸੀਆਂ ਦੇ ਰੋਹ ਦਾ ਨਤੀਜਾ ਹੈ ਅਤੇ ਅਸਤੀਫਾ ਦੇਣ ਤੋਂ ਬਾਦ ਵੀ ਮੀਡੀਆ ਤੇ ਕਹਿੰਦੀ ਹੈ ਕਿ ਇਸ ਕਾਨੂੰਨ ਦੇ ਵਿਰੋਧ ਵਿਚ ਮੈਂ ਨਹੀ ਸਗੋਂ ਕਿਸਾਨ ਹਨ। ਸੁਖਬੀਰ ਬਾਦਲ ਵਲੋਂ ਸੰਘਰਸ਼ ਕਰਨ ਤੇ ਟਿੱਪਣੀ ਕਰਦੇ ਹੋਏ ਉਨਾ ਕਿਹਾ ਕਿ ਪਹਿਲਾਂ ਉਹ ਆਪਣੀ ਪਤਨੀ ਨੂੰ ਪੁੱਛ ਲੈਣ ਕਿ ਆਪਾਂ ਇਸ ਕਾਨੂੰਨ ਦੇ ਹੱਕ ਵਿਚ ਹਾਂ ਕਿ ਵਿਰੋਧ ਵਿਚ। ਉਨਾ ਕਿਹਾ ਕਿ ਇਹ ਅਸਤੀਫਾ ਤਾਂ ਇੰਜ ਹੈ ਜਿਵੇਂ ਕੋਈ ਔਰਤ ਤਲਾਕ ਤੋਂ ਬਾਦ ਆਪਣੇ ਪਤੀ ਨਾਲ ਹੀ ਰਹਿੰਦੀ ਹੋਵੇ। ਕਿਸਾਨਾ ਨੂੰ ਤਬਾਹ ਕਰਨ ਵਿਚ ਇਨਾ ਦਾ ਪੂਰਾ ਪੂਰਾ ਹੱਥ ਹੈ। ਜਦੋਂ ਪੱਤਰਕਾਰਾਂ ਵਲੋਂ ਉਨਾ ਨੂੰ ਪੁਛਿੱਆ ਗਿਆ ਕਿ ਤੁਸੀ ਕੋਈ ਨਾ ਕੋਈ ਲੋਕ ਹਿੱਤ ਮਸਲਾ ਲੈ ਕੇ ਸੰਘਰਸ਼ ਕਰਦੇ ਰਹਿੰਦੇ ਹੋ, ਜਿਸ ਤੇ ਤੁਹਾਡੇ ਅਤੇ ਹੋਰਨਾ ਖਿਲਾਫ ਪਰਚੇ ਦਰਜ ਕੀਤੇ ਜਾਂਦੇ ਹਨ, ਪ੍ਰੰਤੂ ਹੁਣ ਕਾਂਗਰਸੀਆਂ ਨੇ ਇਕੱਠੇ ਹੋ ਕੇ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤੇ ਹਨ ਉਨਾ ਤੇ ਪਰਚੇ ਕਿਊਂ ਨਹੀ ਹੋਏ ਤਾਂ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਪੈਰਾਮੀਟਰ ਰੱਖੇ ਹੋਏ ਹਨ ਅਤੇ ਜਿਹੜਾ ਪੰਜਾਬ ਸਰਕਾਰ ਖਿਲਾਫ ਕੋਈ ਸੰਘਰਸ਼ ਕਰਦਾ ਹੈ ਉਸ ਖਿਲਾਫ ਪਰਚਾ ਦਰਜ ਕਰਕੇ ੳੇਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰੰਤੂ ਹੁਣ ਲੋਕਾਂ ਨੇ ਸਿੱਖ ਲਿਆ ਹੈ ਕਿ ਕਰੋਨਾ ਕਰੋਨਾ ਦੋਰਾਨ ਕਿਵੇਂ ਜੀਣਾ ਹੈ, ਇਸ ਲਈ ਹੁਣ ਪਾਬੰਦੀਆਂ ਦੀ ਕੋਈ ਲੋੜ ਨਹੀ। ਇਸ ਮੋਕੇ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਢ ਸੰਨੀ ਕੈਂਥ, ਜਿਲਾ ਪ੍ਰਧਾਨ ਬਲਦੇਵ ਸਿੰਘ, ਹਲਕਾ ਪੂਰਬੀ ਦੇ ਪ੍ਰਧਾਨ ਗੁਰਜੋਧ ਸਿੰਘ ਗਿੱਲ, ਯੂਥ ਪ੍ਰਧਾਨ ਹਰਜਾਪ ਸਿੰਘ ਗਿੱਲ, ਪ੍ਰਦੀਪ ਗੋਗੀ ਆਦਿ ਹਾਜਰ ਸਨ।
————————————————-
ਕੈਪਸ਼ਨ-: ਪੱਤਰਕਾਰਾਂ ਨੂੰ ਸੰਭੋਧਨ ਕਰਦੇ ਹੋਏ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਨਾਲ ਹਨ ਮੁੱਖ ਬੁਲਾਰੇ ਗਗਨਦੀਪ ਸਿੰਘ ਸੰਨੀ ਕੈਂਥ, ਬਲਦੇਵ ਸਿੰਘ ਪ੍ਰਧਾਨ, ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ ਆਦਿ।