ਨਜਾਇਜ਼ ਸ਼ਰਾਬ ਅਤੇ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਪਟਿਆਲਾ ਪੁਲਿਸ ਦੀ ਕਾਰਵਾਈ -25 ਮਾਮਲੇ ਦਰਜ, 980 ਲੀਟਰ ਲਾਹਣ, 2 ਚਾਲੂ ਭੱਠੀਆਂ ਬਰਾਮਦ ਤੇ 23 ਗ੍ਰਿਫ਼ਤਾਰ

ਨਿਊਜ਼ ਪੰਜਾਬ
ਪਟਿਆਲਾ, 20 ਸਤੰਬਰ: ਐਸ.ਐਸ.ਪੀ. ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਤਿਆਰ ਕਰਨ ਅਤੇ ਤਸਕਰੀ ਕਰਨ ਵਾਲਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ 14 ਸਤੰਬਰ ਤੋਂ 20 ਸਤੰਬਰ ਤੱਕ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ਤੋਂ ਲਾਹਣ, ਸ਼ਰਾਬ ਠੇਕਾ ਦੇਸੀ (ਹਰਿਆਣਾ/ਪੰਜਾਬ) ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਵਿਚ 25 ਮਾਮਲੇ ਦਰਜ ਕਰਕੇ 980 ਲੀਟਰ ਲਾਹਣ, 946 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ, 106 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ, 70 ਬੋਤਲਾਂ ਨਜਾਇਜ਼ ਸ਼ਰਾਬ, 2 ਚਾਲੂ ਭੱਠੀਆਂ ਬਰਾਮਦ ਕਰਕੇ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਤਿਆਰ ਕਰਨ ਅਤੇ ਤਸਕਰੀ ਕਰਨ ਵਾਲੇ ਸਮਗਲਰਾਂ ਨੂੰ ਨੱਥ ਪਾਉਣ ਲਈ ਵਿੱਢੀ ਸਪੈਸ਼ਲ ਮੁਹਿੰਮ ਤਹਿਤ ਇਸ ਹਫ਼ਤੇ ਦੌਰਾਨ ਨਜਾਇਜ਼ ਸ਼ਰਾਬ ਤਿਆਰ ਕਰਨ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ 40 ਸਮਗਲਰਾਂ ਵਿਰੁੱਧ ਸੀ.ਆਰ.ਪੀ.ਸੀ. ਦੀ ਧਾਰਾ 110 ਤਹਿਤ ਕਲੰਦਰੇ ਤਿਆਰ ਕਰਕੇ ਮਾਨਯੋਗ ਅਦਾਲਤਾਂ ਵਿਚ ਪੇਸ਼ ਕਰਕੇ 14 ਨਜਾਇਜ਼ ਸ਼ਰਾਬ ਦੇ ਤਸਕਰਾਂ ਨੂੰ ਨੇਕ ਚੱਲਣੀ ‘ਤੇ ਪਾਬੰਦ ਕਰਵਾਇਆ ਗਿਆ ਹੈ।
ਸ੍ਰੀ ਦੁੱਗਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਨਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।