ਮੋਗਾ – ਡਿਪਟੀ ਕਮਿਸ਼ਨਰ ਵੱਲੋਂ ਸੁਰੱਖਿਅਤ ਦਾਦਾ ਦਾਦੀ ਨਾਨਾ ਨਾਨੀ ਅਭਿਆਨ ਦੀ ਪ੍ਰਗਤੀ ਦਾ ਜਾਇਜ਼ਾ
– ਵੈੱਬ ਮੀਟਿੰਗ ਰਾਹੀਂ ਸਮੂਹ ਧਿਰਾਂ ਨੂੰ ਬਜੁਰਗਾਂ ਦੀ ਸਿਹਤ ਅਤੇ ਹਿੱਤਾਂ ਦੀ ਰਖਵਾਲੀ ਲਈ ਹਰ ਉਪਰਾਲਾ ਕਰਨ ਦੀ ਅਪੀਲ
ਮੋਗਾ, 11 ਸਤੰਬਰ – ਨੀਤੀ ਆਯੋਗ ਅਤੇ ਪਿਰਾਮੱਲ ਫਾਉਂਡੇਸ਼ਨ ਦੁਆਰਾ ਦੇਸ਼ ਦੇ 112 ਐਸਪੀਰੇਸ਼ਨਲ ਜਿਲ੍ਹਿਆਂ ਵਿੱਚ ਸੁਰੱਖਿਅਤ ਦਾਦਾ-ਦਾਦੀ ਨਾਨਾ-ਨਾਨੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹਨਾਂ ਜਿਲ੍ਹਿਆਂ ਵਿੱਚ ਜਿਲ੍ਹਾ ਮੋਗਾ ਵੀ ਸ਼ਾਮਿਲ ਹੈ। ਇਸ ਅਭਿਆਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਅੱਜ ਸਮੂਹ ਧਿਰਾਂ ਨਾਲ ਵੈੱਬ ਮੀਟਿੰਗ ਕੀਤੀ ਅਤੇ ਇਸ ਅਭਿਆਨ ਨਾਲ ਜੁੜੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਜੁਰਗਾਂ ਦੀ ਸਿਹਤ ਅਤੇ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਯਤਨ ਕਰਨ।
ਜਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਜਿਲ੍ਹੇ ਦੀਆਂ ਵੱਖ-ਵੱਖ ਐਨ.ਜੀ.ਓਜ਼ ਦੀ ਸਹਾਇਤਾ ਨਾਲ ਕਰੋਨਾ ਮਹਾਂਮਾਰੀ ਦੌਰਾਨ ਬਜ਼ੁਰਗ ਨਾਗਰਿਕਾਂ ਦੀ ਸੰਭਾਲ ਕਰਨ ਵਿਚ ਮਹੱਤਵਪੂਰਣ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੁਹਿੰਮ ਵਿਚ ”ਅਪਨੇ ਸਾਥੀ” ਨਾਮੀ ਵਲੰਟੀਅਰਾਂ ਦੁਆਰਾ ਉਨ੍ਹਾਂ ਦੀ ਭਲਾਈ ਲਈ ਟੈਲੀਫੋਨਿਕ ਜਾਂ ਸਰੀਰਕ ਤੌਰ ‘ਤੇ ਬਜੁਰਗਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਲਈ ਪਹਿਲੇ ਗੇੜ ਦੌਰਾਨ ਜਿਲ੍ਹੇ ਵਿੱਚ 1100+ ਬਜ਼ੁਰਗ ਨਾਗਰਿਕਾਂ ਤੱਕ ਪਹੁੰਚ ਕੀਤੀ ਗਈ ਹੈ। ਵਧੇਰੇ ਬਜ਼ੁਰਗ ਨਾਗਰਿਕਾਂ ਤੱਕ ਪਹੁੰਚ ਕਰਨ ਲਈ ਅਧਿਕਾਰੀਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਐਨਜੀਓ ਮੈਂਬਰਾਂ ਵਰਗੇ ਸਾਰੇ ਹਿੱਸੇਦਾਰਾਂ ਦੀ ਸਹਾਇਤਾ ਮਿਲ ਰਹੀ ਹੈ। ਜਿਲ੍ਹੇ ਵਿਚ ”ਟੇਲੈਂਟ ਹੰਟ”
ਵਰਗੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਪੇਂਟਿੰਗ, ਭਾਸ਼ਣ, ਲਿਖਾਈ ਸੰਪੂਰਨਤਾ ਆਦਿ ਵਿਚ ਹਿੱਸਾ ਲੈਂਦੇ ਹੋਏ ਬੱਚੇ ਆਪਣੇ ਦਾਦਾ-ਦਾਦੀ ਨਾਲ ਆਪਣੀ ਸਾਂਝ ਹੋਰ ਮਜਬੂਤ ਕਰ ਰਹੇ ਹਨ। ਇਸ ਮੀਟਿੰਗ ਵਿਚ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਾਜ ਕਿਰਨ ਕੌਰ, ਜਿਲ੍ਹਾ ਫੇਸਿਲਿਟੇਟਰ ਸ਼੍ਰੀ ਅਭਿਸ਼ੇਕ ਰੰਜਨ, ਸ਼੍ਰੀ ਐੱਸ ਕੇ ਬਾਂਸਲ ਅਤੇ ਹੋਰ ਵੀ ਹਾਜ਼ਰ ਸਨ।