ਕੋਵਿਡ ਮਰੀਜ਼ਾਂ ਦੇ ਅੰਗਾਂ ਨੂੰ ਕੱਢਣ ਦਾ ਦਾਅਵਾ ਪੂਰੀ ਤਰਾਂ ਝੂਠਾ ਅਤੇ ਤਰਕਹੀਣ ਹੈ – ਡਿਪਟੀ ਕਮਿਸ਼ਨਰ ਮੋਗਾ ਵਲੋਂ ਗਲਤ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ – ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਕੀਤੀ ਅਪੀਲ
ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲਿਆਂ ਨੂੰ 96 ਘੰਟੇ ਪੁਰਾਣੀ ਕੋਵਿਡ ਨੈਗੇਟਿਵ ਰਿਪੋਰਟ ਨਾਲ ਘਰੇਲੂ ਏਕਾਂਤਵਾਸ ਵਿੱਚ ਰਹਿਣ ਦੀ ਆਗਿਆ– ਕੋਵਿਡ ਬਾਰੇ ਗੁੰਮਰਾਹਕੁਨ ਪ੍ਰਚਾਰ ਤੇ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ
ਡਾ. ਸਵਰਨਜੀਤ ਸਿੰਘ
ਮੋਗਾ, 11 ਸਤੰਬਰ – ਬੰਦਿਸ਼ਾਂ ਨੂੰ ਸੌਖਾ ਕਰਦਿਆਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਹੁਣ ਘਰੇਲੂ ਏਕਾਂਤਵਾਸ ਵਿੱਚ ਰਹਿ ਸਕਦੇ ਹਨ ਬਸ਼ਰਤੇ ਉਨਾਂ ਕੋਲ 96 ਘੰਟਿਆਂ ਤੱਕ ਦਾ ਕੋਵਿਡ ਨੈਗੇਟਿਵ ਸਰਟੀਫਿਕੇਟ ਹੋਵੇ।
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਦੇਸ਼ੀ ਯਾਤਰੀ ਹਵਾਈ ਅੱਡੇ ਉਤੇ ਪੁੱਜਣ ਸਾਰ ਆਪਣਾ ਟੈਸਟ ਕਰਵਾਉਣਗੇ ਅਤੇ ਜੇ ਉਨਾਂ ਦੀ ਰਿਪੋਰਟ ਨੈਗੇਟਿਵ ਆਉਦੀ ਹੈ ਤਾਂ ਉਹ ਘਰ ਵਿੱਚ ਏਕਾਂਤਵਾਸ ਉਤੇ ਜਾ ਕੇ ਸਕਦੇ ਹਨ। ਉਨਾਂ ਕਿਹਾ ਕਿ ਕੋਵਿਡ ਕੇਸਾਂ ਦੇ ਮਾਮਲੇ ਵਿੱਚ ਇਸ ਵੇਲੇ ਪੰਜਾਬ ਦੇਸ਼ ਵਿੱਚ 17ਵੇਂ ਸਥਾਨ ਉਤੇ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਕਾਰਨ ਟੈਸਟਾਂ ਵਿੱਚ ਆਈ ਗਿਰਾਵਟ ਤੋਂ ਬਾਅਦ ਪੁਲਿਸ ਵੱਲੋਂ ਸੂਬੇ ਵਿੱਚ ਅਫਵਾਹਾਂ ਫੈਲਾਉਣ ਵਾਲਿਆਂ ਆਰੰਭੀ ਕਾਰਵਾਈ ਕਾਰਨ ਰੋਜ਼ਾਨਾ ਕੋਵਿਡ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ ਮੁੜ ਵਧਣ ਲੱਗੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦਾ ਧਿਆਨ ਜਾਨਾਂ ਬਚਾਉਣ ਉਤੇ ਹੈ, ਜਿਸ ਲਈ ਜਲਦੀ ਟੈਸਟਿੰਗ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਤੱਤ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਬਦਨਾਮ ਕਰ ਰਹੇ ਹਨ। ਉਨਾਂ ਕਿਹਾ ਕਿ ਮਰਨ ਵਾਲੇ ਕੋਵਿਡ ਮਰੀਜ਼ਾਂ ਦੇ ਅੰਗਾਂ ਨੂੰ ਕੱਢਣ ਦਾ ਦਾਅਵਾ ਪੂਰੀ ਤਰਾਂ ਝੂਠਾ ਅਤੇ ਤਰਕਹੀਣ ਹੈ। ਉਨਾਂ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ। ਉਹਨਾਂ ਕਿਹਾ, ‘‘ਸਾਨੂੰ ਅਜਿਹੇ ਪ੍ਰਚਾਰ ਦਾ ਮੁਕਾਬਲਾ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨਾ ਹੋਵੇਗਾ।’’ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਡੀ.ਜੀ.ਪੀ. ਨੂੰ ਆਦੇਸ਼ ਦਿੱਤੇ ਹਨ ਕਿ ਗਲਤ ਜਾਣਕਾਰੀ ਫੈਲਾਉਣ ਵਾਲੇ ਵੈੱਬ ਚੈਨਲਾਂ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।
ਸ਼੍ਰੀ ਹੰਸ ਨੇ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਕਿ ਲੋਕ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣਾ ਕਰ ਰਹੇ ਹਨ ਅਤੇ ਮਹਾਂਮਾਰੀ ਦੇ ਸੱਤਵੇਂ ਮਹੀਨੇ ਵਿੱਚ ਵੀ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਵਰਗੇ ਕਦਮ ਨਹੀਂ ਚੁੱਕੇ ਜਾ ਰਹੇ। ਉਨਾਂ ਕਿਹਾ ਕਿ ਅਜਿਹੇ ਲੋਕ ਨਾ ਸਿਰਫ ਆਪਣੀਆਂ ਜ਼ਿੰਦਗੀਆਂ ਜ਼ੋਖਮ ਵਿੱਚ ਪਾ ਰਹੇ ਹਨ ਸਗੋਂ ਆਪਣੇ ਪਰਿਵਾਰਾਂ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਸਿਰਫ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਹੀ ਫਰਜ਼ ਨਹੀਂ ਸਗੋਂ ਨਾਗਰਿਕ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦਰਮਿਆਨ ਸੰਦੇਸ਼ ਫੈਲਾਇਆ ਜਾਵੇ।