ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕਿਆਂ ਤੇ ਕੀਤੀ ਸਖ਼ਤੀ – ਕਈਆਂ ਦੇ ਕੀਤੇ ਚਲਾਨ
ਨਿਊਜ਼ ਪੰਜਾਬ
ਚੰਡੀਗੜ, 27 ਅਗਸਤ: ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਪੰਜਾਬ ਸਰਕਾਰ ਨੇ ਸੂਬੇ ਵਿੱਚ ਸਾਰੇ ਦਿਨਾਂ ਦੌਰਾਨ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਲੌਕਡਾਊਨ ਲਗਾਇਆ ਹੋਇਆ ਹੈ। ਸੂਬੇ ਦੇ ਸਾਰੇ ਮਿਉਂਸੀਪਲ ਸ਼ਹਿਰਾਂ ਵਿੱਚ ਸ਼ਰਾਬ ਦੇ ਠੇਕੇ ਸ਼ਾਮ 6.30 ਵਜੇ ਤੱਕ ਖੁੱਲੇ ਰੱਖਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ, ਪੰਜਾਬ ਨੇ ਨਿਰਧਾਰਤ ਸਮਾਂ ਸੀਮਾ ਦੀ ਪਾਲਣਾ ਨਾ ਕਰਨ ਲਈ ਸੂਬੇ ਵਿਚ ਸ਼ਰਾਬ ਦੇ 43 ਠੇਕਿਆਂ ਦਾ ਚਲਾਨ ਕੀਤਾ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਲੰਧਰ ਵਿਚ ਸ਼ਰਾਬ ਦੇ 10 ਠੇਕਿਆਂ, ਮੁਹਾਲੀ ਵਿਚ 10, ਅੰਮਿ੍ਰਤਸਰ ਵਿਚ 6, ਲੁਧਿਆਣਾ ਵਿਚ 5, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ 3-3, ਸ਼ਹੀਦ ਭਗਤ ਸਿੰਘ ਨਗਰ ਅਤੇ ਪਠਾਨਕੋਟ ਵਿਚ 2-2, ਪਟਿਆਲਾ ਅਤੇ ਬਰਨਾਲਾ ਵਿਚ 1-1 ਸ਼ਰਾਬ ਦੇ ਠੇਕਿਆਂ ਦੇ ਚਲਾਨ ਕੀਤੇ ਗਏ ਹਨ।ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਧਾਰਕਾਂ ਨੂੰ ਠੇਕੇ ਖੋਲਣ ਸਬੰਧੀ ਸਰਕਾਰ ਦੁਆਰਾ ਨਿਰਧਾਰਤ ਸਮਾਂ-ਸੀਮਾ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਅਤੇ ਅਜਿਹਾ ਨਾ ਕਰਨ ’ਤੇ ਉਨਾਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।