ਮੋਗਾ ਸ਼ਹਿਰ ਵਿੱਚ 6000 ਤੋਂ ਵਧੇਰੇ ਨੇ ਪਾਲਤੂ ਕੁੱਤੇ – ਰਜਿਸਟ੍ਰੇਸ਼ਨ ਸ਼ੁਰੂ – ਅਵਾਰਾ ਕੁੱਤਿਆਂ ਨੂੰ ਕਾਬੂ ਕਰ ਕੇ – – –
ਸ਼ਹਿਰ ਮੋਗਾ ਦੇ 6000 ਤੋਂ ਵਧੇਰੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ
-ਸ਼ਹਿਰ ਵਾਸੀਆਂ ਨੂੰ ਆਵਾਰਾ ਕੁੱਤਿਆਂ ਤੋਂ ਨਿਜ਼ਾਤ ਦਿਵਾਉਣ ਲਈ ਨਸਬੰਦੀ ਦਾ ਕੰਮ ਵੀ ਜੋ਼ਰਾਂ ਉਪਰ
– ਸ਼ਹਿਰ ਵਾਸੀਆਂ ਨੂੰ ਆਪਣੇ ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਕਰਾਉਣ ਦੀ ਅਪੀਲਨਿਊਜ਼ ਪੰਜਾਬ
ਮੋਗਾ, 24 ਅਗਸਤ – ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਨਗਰ ਨਿਗਮ ਮੋਗਾ ਨੇ ਅਜਿਹੇ ਕੁੱਤਿਆਂ ਦੀ ਨਸਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ 6000 ਤੋਂ ਵਧੇਰੇ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਨਸਬੰਦੀ ਕੰਮ ਲਈ ਸਥਾਨਕ ਬੁੱਕਣ ਵਾਲਾ ਰੋਡ ਉੱਤੇ ਐਨੀਮਲ ਬਰਥ ਕੰਟਰੋਲ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਦਰਸ਼ੀ ਨੇ ਦੱਸਿਆ ਕਿ ਇਸ ਕੰਮ ਲਈ ਮੱਧ ਪ੍ਰਦੇਸ਼ ਦੀ ਭਿੰਡੀ ਰਿਸ਼ੀ ਪਸ਼ੂ ਕੰਪਨੀ ਨਾਲ ਨਗਰ ਨਿਗਮ ਵੱਲੋਂ ਇਕਰਾਰ ਕੀਤਾ ਗਿਆ ਹੈ। ਇਕਰਾਰ ਤਹਿਤ ਕੰਪਨੀ ਵਲੋਂ ਸ਼ਹਿਰ ਵਿਚ ਘੁੰਮਦੇ ਅਵਾਰਾ ਕੁੱਤਿਆਂ ਨੂੰ ਫੜ੍ਹਿਆ ਜਾਇਆ ਕਰੇਗਾ ਅਤੇ ਨਸਬੰਦੀ ਕਰਨ ਉਪਰੰਤ ਮੁੜ ਉਥੇ ਹੀ ਛੱਡਿਆ ਜਾਵੇਗਾ।
ਉਹਨਾਂ ਕਿਹਾ ਕਿ ਇਸ ਸੈਂਟਰ ਵਿਚ 30 ਘੁਰਨੇ ਬਣਾਏ ਗਏ ਹਨ। ਕੰਪਨੀ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਕੁੱਤੇ ਫੜ੍ਹੇ ਜਾ ਰਹੇ ਹਨ। ਹੁਣ ਤੱਕ 60 ਤੋਂ ਵਧੇਰੇ ਨਸਬੰਦੀ ਹੋ ਚੁੱਕੀ ਹੈ।
ਸ਼੍ਰੀਮਤੀ ਦਰਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੀ ਨਗਰ ਨਿਗਮ ਕੋਲ ਰਜਿਸਟਰੇਸ਼ਨ ਕਰਵਾ ਲੈਣ ਤਾਂ ਜੋ ਉਹਨਾਂ ਨੂੰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਸ ਸਬੰਧੀ ਨਗਰ ਨਿਗਮ ਦੇ ਮੁੱਖ ਸੇਨੇਟਰੀ ਇੰਸਪੈਕਟਰ ਬਿਕਰਮ ਸਿੰਘ (8288998189) ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਨੂੰ ਅਵਾਰਾ ਕੁੱਤਿਆਂ ਬਾਰੇ ਸਮੱਸਿਆ ਹੈ ਤਾਂ ਉਹ ਸੈਨੇਟਰੀ ਇੰਸਪੈਕਟਰ ਅਮਰਜੀਤ ਸਿੰਘ (9780042462) ਨਾਲ ਸੰਪਰਕ ਕਰ ਸਕਦੇ ਹਨ।
ਉਹਨਾਂ ਮੁੜ ਅਪੀਲ ਕੀਤੀ ਕਿ ਉਹ ਆਪਣੇ ਕੁੱਤਿਆਂ ਦੇ ਗਲਾਂ ਵਿੱਚ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਏ ਰੋਕਣ ਲਗਾ ਕੇ ਰੱਖਣ ਤਾਂ ਜੌ ਭਵਿੱਖ ਵਿੱਚ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲੇਗੀ।