ਵਿਆਹ ਸਮਾਗਮਾਂ ਉੱਤੇ 30 ਅਤੇ ਭੋਗ/ਸਸਕਾਰ ਸਮਾਗਮਾਂ ਉਤੇ 20 ਵਿਅਕਤੀਆਂ ਤੋਂ ਜਿਆਦਾ ਇਕੱਠ ਨਹੀਂ ਕੀਤਾ ਜਾ ਸਕਦਾ
ਅਨਲਾਕ 3 ਸਬੰਧੀ ਜਾਰੀ ਹਦਾਇਤਾਂ ਅਤੇ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਵੱਲੋਂ ਜਾਰੀ ਕੀਤੇ ਗਏ ਪਾਬੰਦੀ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ- ਜਿ਼ਲ੍ਹਾ ਪੁਲਿਸ ਮੁਖੀ
ਨਿਊਜ਼ ਪੰਜਾਬ
ਮੋਗਾ, 22 ਅਗਸਤ: ਜਿ਼ਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿਚ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨਲਾਕ 3 ਸਬੰਧੀ ਜਾਰੀ ਹਦਾਇਤਾਂ ਅਤੇ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਵੱਲੋਂ ਜਾਰੀ ਕੀਤੇ ਗਏ ਪਾਬੰਦੀ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।
ਉਹਨਾਂ ਕਿਹਾ ਕਿ ਜਾਰੀ ਹੁਕਮਾਂ ਅਨੁਸਾਰ ਜਨਤਕ ਥਾਵਾਂ ਉਤੇ 5 ਜਾਂ ਜਿਆਦਾ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਸੇ ਤਰ੍ਹਾਂ ਵਿਆਹ ਸਮਾਗਮਾਂ ਉੱਤੇ 30 ਅਤੇ ਭੋਗ/ਸਸਕਾਰ ਸਮਾਗਮਾਂ ਉਤੇ 20 ਵਿਅਕਤੀਆਂ ਤੋਂ ਜਿਆਦਾ ਇਕੱਠ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਜੇਕਰ ਇਹਨਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਇਸ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਪੰਜਾਬ ਵਿੱਚ ਦਿਨੋਂ ਦਿਨ ਕਰੋਨਾ ਦੇ ਕੇਸ ਵਧਦੇ ਹੀ ਜਾ ਰਹੇ ਹਨ। ਸਖਤ ਕਦਮ ਉਠਾਉਣ ਦੇ ਬਾਵਜੂਦ ਇਸ ਮਹਾਂਮਾਰੀ ਨੂੰ ਰੋਕਣ ਵਿੱਚ ਪੂਰਨ ਸਫਲਤਾ ਨਹੀਂ ਮਿਲ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਤਹਿਤ ਉਹਨਾਂ ਸਮੂਹ ਜਥੇਬੰਦੀਆਂ, ਰਾਜਸੀ ਅਤੇ ਗੈਰ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਹਦਾਇਤਾਂ ਅਤੇ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਪਾਬੰਦੀ ਹੁਕਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਉਹਨਾਂ ਕਿਹਾ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਡੀ ਸਾਰਿਆਂ ਦੀ ਬਰਾਬਰ ਦੀ ਜਿੰਮੇਵਾਰੀ ਬਣਦੀ ਹੈ।