ਸਰਵੇਖਣ – ਪੰਜਾਬੀਆਂ ਦੀ ਹਿੰਮਤ – ਕੋਰੋਨਾ ਵੱਧ ਰਿਹਾ ਪਰ 28 ਪ੍ਰਤੀਸ਼ਤ ਲੋਕ ਆਪਣੇ ਆਪ ਹੋ ਚੁੱਕੇ ਨੇ ਠੀਕ – ਮੁੱਖ ਮੰਤਰੀ ਵਲੋਂ ਪ੍ਰਗਟਾਵਾ – ਅਮ੍ਰਿਤਸਰ ਅਤੇ ਲੁਧਿਆਣਾ ਵਿੱਚ ਗਿਣਤੀ ਵਧੇਰੇ

ਪੰਜਾਬ ਦੇ ਸੀਮਤ ਜ਼ੋਨਾਂ ਵਿੱਚ 27.7 ਫੀਸਦੀ ਲੋਕ ਕੋਵਿਡ ਦੇ ਸੀਰੋਪਾਜ਼ੇਟਿਵ ਪਾਏ ਗਏ
• ਸੀਰੋ ਸਰਵੇਖਣ ਪੰਜ ਜ਼ਿਲਿ•ਆਂ ਵਿੱਚ ਪਹਿਲੀ ਤੋਂ 17 ਅਗਸਤ ਤੱਕ ਕਰਵਾਇਆ ਗਿਆ, ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 40 ਫੀਸਦੀ ਸੀਰੋਪਾਜ਼ੇਟਿਵ ਪਾਏ ਗਏ

ਨਿਊਜ਼ ਪੰਜਾਬ

ਚੰਡੀਗੜ•, 20 ਅਗਸਤ – ਪੰਜਾਬ ਦੇ ਸੀਮਤ ਜ਼ੋਨਾਂ ਵਿੱਚ 27.7 ਫੀਸਦੀ ਵਸੋਂ ਕੋਵਿਡ ਐਟੀਬਾਡੀਜ਼ ਦੇ ਪਾਜ਼ੇਟਿਵ ਪਾਏ ਗਏ ਹਨ ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਲੋਕ ਪਹਿਲਾ ਹੀ ਗ੍ਰਸਤ ਸਨ ਅਤੇ ਕੋਰੋਨਾ ਮਹਾਂਮਾਰੀ ਤੋਂ ਠੀਕ ਹੋ ਗਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਸੱਦੀ ਗਈ ਕੋਵਿਡ ਸਮੀਖਿਆ ਦੀ ਮੀਟਿੰਗ ਦੌਰਾਨ ਪੇਸ਼ ਕੀਤੇ ਸਰਵੇਖਣ ਦੇ ਨਤੀਜਿਆਂ ਵਿੱਚ ਦਿਖਾਇਆ ਗਿਆ ਕਿ ਸੀਮਤ ਜ਼ੋਨਾਂ ਵਿੱਚ ਸਾਰਸ-ਕੋਵ-2 ਐਟੀਬਾਡੀਜ਼ ਦਾ ਪ੍ਰਸਾਰ ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲੇ ਵਿੱਚ 40 ਫੀਸਦੀ ਹੈ। ਇਸ ਤੋਂ ਬਾਅਦ ਲੁਧਿਆਣਾ ਵਿੱਚ 36.5 ਫੀਸਦੀ, ਐਸ.ਏ.ਐਸ.ਨਗਰ ਵਿੱਚ 33.2 ਫੀਸਦੀ, ਪਟਿਆਲਾ ਜ਼ਿਲੇ ਵਿੱਚ 19.2 ਫੀਸਦੀ ਅਤੇ ਜਲੰਧਰ ਵਿੱਚ 10.8 ਫੀਸਦੀ ਹੈ।
ਇਹ ਪੰਜਾਬ ਦਾ ਪਹਿਲਾ ਨਿਵੇਕਲਾ ਸਰਵੇਖਣ ਹੈ ਜੋ ਪਹਿਲੀ ਤੋਂ 17 ਅਗਸਤ ਤੱਕ ਸੂਬੇ ਦੇ ਪੰਜ ਸੀਮਤ ਜ਼ੋਨਾਂ ਵਿੱਚ ਯੋਜਨਾਬੰਦ ਤਰੀਕੇ ਨਾਲ ਬੇਤਰਤੀਬੇ (ਰੈਂਡਮ) ਤੌਰ ‘ਤੇ ਚੁਣੇ ਗਏ 1250 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਆਈ.ਸੀ.ਐਮ.ਆਰ. ਦੇ ਸਹਿਯੋਗ ਨਾਲ ਕੀਤਾ ਗਿਆ ਸਰਵੇਖਣ ਆਮ ਸੀ।
ਇਹ ਸਰਵੇਖਣ ਰਿਪੋਰਟ ਉਸ ਦਿਨ ਆਈ ਜਦੋਂ ਦਿੱਲੀ ਨੇ ਆਪਣੀ ਦੂਜੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ ਕੀਤੀ ਜਿਸ ਅਨੁਸਾਰ ਕੌਮੀ ਰਾਜਧਾਨੀ ਵਿੱਚ 29 ਫੀਸਦੀ ਦੇ ਕਰੀਬ ਸੀਰੋਪਾਜ਼ੇਟਿਵ ਸਨ।
ਪੰਜਾਬ ਦੇ ਇਸ ਨਿਵੇਕਲੇ ਸਰਵੇਖਣ ਲਈ ਪੰਜ ਸੀਮਤ ਜ਼ੋਨਾਂ ਨੂੰ ਚੁਣਿਆ ਗਿਆ ਜਿਨ•ਾਂ ਖੇਤਰਾਂ ਵਿੱਚ ਕੋਵਿਡ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇਹ ਪਟਿਆਲਾ, ਐਸ.ਏ.ਐਸ. ਨਗਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਜ਼ਿਲਿ•ਆਂ ਦੇ ਇਲਾਕੇ ਸਨ। ਹਰੇਕ ਜ਼ੋਨ ‘ਚੋਂ 250 ਲੋਕਾਂ ਦੇ ਸੈਂਪਲ ਲਏ ਗਏ ਅਤੇ ਰੈਂਡਮ ਤੌਰ ‘ਤੇ ਚੁਣੇ ਗਏ ਹਰੇਕ ਘਰ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਇਕ ਬਾਲਗ ਵਿਅਕਤੀ ਨੂੰ ਸਰਵੇਖਣ ਲਈ ਚੁਣਿਆ ਗਿਆ।
ਸਾਰੇ ਸੀਮਤ ਜ਼ੋਨਾਂ ਜਿੱਥੇ ਕੋਵਿਡ-19 ਦੇ ਸਭ ਤੋਂ ਵੱਧ ਕੇਸ ਹਨ, ਨੂੰ ਮਿਲਾ ਕੇ ਕੁੱਲ 27.8 ਫੀਸਦੀ ਲੋਕਾਂ ਵਿੱਚ ਸਾਰਸ ਕੋਵ-2 ਐਟੀਬਾਡੀਜ਼ ਦੇ ਸੀਰੋ ਦਾ ਪ੍ਰਸਾਰ ਪਾਇਆ ਗਿਆ। ਸਰਵੇਖਣ ਦੀ ਰਿਪੋਰਟ ਅਨੁਸਾਰ ਸ਼ਹਿਰਾਂ ਦੇ ਬਾਕੀ ਇਲਾਕਿਆਂ ਵਿੱਚ ਇਹ ਗਿਣਤੀ ਘੱਟ ਹੈ ਜਦੋਂ ਕਿ ਪੇਂਡੂ ਖੇਤਰਾਂ ਵਿੱਚ ਇਹ ਗਿਣਤੀ ਸ਼ਹਿਰੀ ਇਲਾਕਿਆਂ ਨਾਲੋਂ ਹੋਰ ਵੀ ਘੱਟ ਹੈ। ਇਸ ਸਰਵੇਖਣ ਦਾ ਉਦੇਸ਼ ਰੈਪਿਡ ਐਂਟੀਬਾਡੀ ਟੈਸਟਿੰਗ ਕਿੱਟ ਰਾਹੀਂ ਸਾਰਸ-ਕੋਵ-2 ਐਂਟੀਬਾਡੀਜ਼ (ਆਈਜੀਐਮ/ਆਈਜੀਜੀ) ਦੇ ਪ੍ਰਸਾਰ ਨੂੰ ਦੇਖਣਾ ਸੀ।
ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਮਾਹਿਰਾਂ ਦੀ ਟੀਮ ਦੇ ਮੁਖੀ ਡਾ.ਕੇ.ਕੇ.ਤਲਵਾੜ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈਪ੍ਰਾਪਤ ਫੀਲਡ ਸਹਾਇਕਾਂ ਤੇ ਲੈਬਾਰਟਰੀ ਟੈਕਨੀਸ਼ੀਅਨਜ਼ ਦੀ ਟੀਮ ਨੇ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਡਾਟਾ ਇਕੱਤਰ ਕੀਤਾ। ਆਸ਼ਾ/ਏ.ਐਨ.ਐਮਜ਼ ਨੇ ਇਸ ਸਰਵੇਖਣ ਵਿੱਚ ਜ਼ੋਨਾਂ ਵਿੱਚ ਘਰਾਂ ਦੀ ਸ਼ਨਾਖਤ ਵਿੱਚ ਮੱਦਦ ਮੁਹੱਈਆ ਕੀਤੀ।
ਸਰਵੇਖਣ ਦਾ ਮੰਤਵ ਸਮਝਾਉਣ ਤੋਂ ਬਾਅਦ ਲਿਖਤੀ ਤੌਰ ‘ਤੇ ਸਹਿਮਤੀ ਪੱਤਰ ਪ੍ਰਾਪਤ ਕੀਤਾ ਗਿਆ। ਇੰਟਰਵਿਊ ਤੋਂ ਬਾਅਦ ਰੋਗਾਣੂਹੀਣ ਹਾਲਤ ਵਿੱਚ ਲੈਬਾਰਟਰੀ ਦੇ ਟੈਕਨੀਸ਼ੀਅਨਜ਼ ਨੇ ਖੂਨ ਦਾ ਸੈਂਪਲ ਲਿਆ। ਇਹ ਸੈਂਪਲ ਟੈਸਟਾਂ ਲਈ ਜ਼ਿਲਾ ਜਨ ਸਿਹਤ ਲੈਬਾਰਟਰੀਆਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਰੈਪਿਡ ਐਂਟੀਬਾਡੀ ਟੈਸਟ ਕੀਤਾ ਗਿਆ।
——