ਅਸਲਾ ਲਾਇਸੈਂਸ ਰੱਦ ਕਰਵਾਉਣ ਸਮੇਤ ਮੋਬਾਇਲ, ਪਾਸਪੋਰਟ ਜਾਂ ਹੋਰ ਦਸਤਾਵੇਜ਼ ਗੁੰਮ ਹੋਣ ਦੀ ਸ਼ਿਕਾਇਤ ਵੀ ਸੇਵਾ ਕੇਂਦਰਾਂ ‘ਚ ਹੋਵੇਗੀ ਦਰਜ
ਨਿਊਜ਼ ਪੰਜਾਬ
ਪਟਿਆਲਾ / ਲੁਧਿਆਣਾ , 20 ਅਗਸਤ: ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਅਤੇ ਈ-ਗਵਰਨੈਂਸ ਸੁਸਾਇਟੀ ਵੱਲੋਂ ਜਨਤਕ ਹਿੱਤਾਂ ਦੇ ਮੱਦੇਨਜ਼ਰ ਇੱਕ ਅਹਿਮ ਫੈਸਲਾ ਲੈਂਦਿਆਂ ਰੇਹੜੀਆਂ ਦੀ ਰਜਿਸਟਰੇਸ਼ਨ ਸੇਵਾ ਕੇਂਦਰਾਂ ‘ਚ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਦੀ ਸਟਰੀਟ ਵੈਂਡਰਸ ਰਜਿਸਟਰੇਸ਼ਨ ਸਮੇਤ ਮੋਬਾਇਲ, ਪਾਸਪੋਰਟ ਜਾਂ ਹੋਰ ਦਸਤਾਵੇਜ਼ ਆਦਿ ਗੁੰਮ ਹੋਣ ਦੀ ਸ਼ਿਕਾਇਤ ਵੀ ਸੇਵਾ ਕੇਂਦਰਾਂ ‘ਚ ਦਰਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਗ੍ਰਹਿ ਵਿਭਾਗ ਨਾਲ ਸਬੰਧਤ ਅਸਲਾ ਲਾਇਸੈਂਸ ਰੱਦ ਕਰਵਾਉਣ ਲਈ ਵੀ ਸੇਵਾ ਕੇਂਦਰਾਂ ਵਿਖੇ ਹੀ ਅਰਜ਼ੀ ਦੇਣ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਸਾਂਝ ਕੇਂਦਰਾਂ ਨਾਲ ਸਬੰਧਤ ਸੇਵਾਵਾਂ, ਜਿਵੇਂ ਕਿ ਕੋਈ ਵਸਤੂ ਜਾਂ ਦਸਤਾਵੇਜ ਸਮੇਤ ਪਾਸਪੋਰਟ ਜਾਂ ਮੋਬਾਇਲ ਗੁੰਮ ਹੋਣ ਦੀ ਸੂਰਤ ‘ਚ ਸ਼ਿਕਾਇਤ ਸੇਵਾ ਕੇਂਦਰ ‘ਚ ਦਰਜ ਕਰਵਾਈ ਜਾ ਸਕੇਗੀ।
ਫੋਨ, ਪਾਸਪੋਰਟ, ਕਾਗਜ-ਪੱਤਰ ਗੁੰਮ ਹੋਣ ਦੀ ਸ਼ਿਕਾਇਤ ਹੁਣ ਸੇਵਾ ਕੇਂਦਰਾਂ ਵਿੱਚ ਹੋਵੇਗੀ
ਸਟਰੀਟ ਵੈਂਡਰ ਰਜਿਸਟ੍ਰੇਸ਼ਨ ਅਤੇ ਅਸਲਾ ਲਾਇਸੰਸ ਰੱਦ ਲਈ ਵੀ ਅਪਲਾਈ ਕੀਤਾ ਜਾ ਸਕੇਗਾ – ਵਧੀਕ ਡਿਪਟੀ ਕਮਿਸ਼ਨਰ (ਵਿਕਾਸ)
ਲੁਧਿਆਣਾ, 20 ਅਗਸਤ – ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਆਮ ਲੋਕਾਂ ਦੀ ਸਹੂਲਤਾਂ ਲਈ 5 ਨਵੀਆਂ ਸੇਵਾਂਵਾਂ ਸੇਵਾ ਕੇਂਦਰ ਵਿੱਚ ਸੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾ ਸਹੂਲਤਾਂ ਤਹਿਤ ਮੋਬਾਇਲ, ਪਾਸਪੋਰਟ ਜਾਂ ਜ਼ਰੂਰੀ ਕਾਗਜ਼-ਪੱਤਰ ਗੁੰਮ ਹੋ ਜਾਣ ‘ਤੇ ਹੁਣ ਥਾਣਿਆਂ ਦੇ ਚੱਕਰ ਨਹੀਂ ਲਗਾਉਦੇ ਪੈਣਗੇ। ਇਸ ਤੋਂ ਇਲਾਵਾ ਸਟਰੀਟ ਵੈਂਡਰਜ਼ ਦੀ ਰਜਿਸਟ੍ਰੇਸ਼ਨ ਕਰਾਉਣ ਲਈ ਨਗਰ ਨਿਗਮ ਦਫ਼ਤਰ ਵੀ ਨਹੀਂ ਜਾਣਾ ਪਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾ ਸਹੂਲਤਾਂ ਲਈ ਸੂਬਾ ਸਰਕਾਰ ਨੇ ਪ੍ਰਸਾਸ਼ਨ ਅਤੇ ਸਾਂਝ ਕੇਂਦਰ ਦੀਆਂ 5 ਬਹੁਤ ਹੀ ਮਹੱਤਵਪੂਰਨ ਸੁਵਿਧਾਵਾਂ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਹੈ। ਸੇਵਾ ਕੇਂਦਰਾਂ ‘ਤੇ ਆਮ ਜਨਤਾ ਦਾ ਇਹ ਕੰਮ 15 ਮਿੰਟ ਵਿੱਚ ਹੋ ਸਕੇਗਾ, ਉੱਥੇ ਹੀ ਪੁਲਿਸ ਵੈਰੀਫਿਕੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਾਂ ‘ਤੇ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇਗਾ। ਇਸ ਤੋਂ ਇਲਾਵਾ ਅਸਲਾ ਲਾਇਸੰਸ ਰੱਦ ਕਰਵਾਉਣ ਲਈ ਵੀ ਸੇਵਾ ਕੇਂਦਰ ‘ਤੇ ਅਪਲਾਈ ਕੀਤਾ ਜਾ ਸਕੇਗਾ।