ਸਿਹਤ ਮੰਤਰੀ ਨੇ ਮੁਹਾਲੀ ਤੋਂ 15 ਬੇਸਿਕ ਲਾਈਫ਼ ਸਪੋਰਟ (ਬੀਐਲਐਸ) ਐਂਬੂਲੈਂਸਾਂ ਨੂੰ ਹਰੀ ਝੰਡੀ- 77 ਹੋਰ ਐਂਬੂਲੈਂਸਾਂ ਦਾ ਆਰਡਰ

ਪੰਜਾਬ ਵਿੱਚ ਕੋਵਿਡ ਦੀ ਸਥਿਤੀ ਨਾਲ ਨਜਿੱਠਣ ਲਈ 77 ਨਵੀਆਂ ਏਐਲਐਸ ਅਤੇ ਬੀਐਲਐਸ ਐਂਬੂਲੈਂਸਾਂ ਕੀਤੀਆਂ ਜਾ ਰਹੀਆਂ ਹਨ  ਕਾਰਜਸ਼ੀਲ- ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ
ਮੁਹਾਲੀ ਤੋਂ 15 ਬੀਐਲਐਸ ਐਂਬੂਲੈਂਸਾਂ ਨੂੰ ਦਿੱਤੀ ਹਰੀ ਝੰਡੀ
100 ਹੋਰ ਐਂਬੂਲੈਂਸਾਂ ਦੀ ਖਰੀਦ ਪ੍ਰਕਿਰਿਆ ਅਧੀਨ
ਨਿਊਜ਼ ਪੰਜਾਬ
ਮੁਹਾਲੀ/ਚੰਡੀਗੜ੍ਹ, 14 ਅਗਸਤ: ਕੋਵਿਡ ਮਹਾਂਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਮਰੀਜ਼ਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ, 77 ਨਵੀਆਂ ਐਂਬੂਲੈਂਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ, ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ।
ਸਿਹਤ ਮੰਤਰੀ ਨੇ ਮੁਹਾਲੀ ਤੋਂ 15 ਬੇਸਿਕ ਲਾਈਫ਼ ਸਪੋਰਟ (ਬੀਐਲਐਸ) ਐਂਬੂਲੈਂਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਲਈ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 100 ਹੋਰ ਐਂਬੂਲੈਂਸਾਂ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ 77 ਐਂਬੂਲੈਂਸਾਂ ਦਾ ਆਰਡਰ ਦਿੱਤਾ ਗਿਆ ਹੈ, ਜਿਹਨਾਂ ਵਿੱਚੋਂ ਜ਼ਿਲ੍ਹਿਆਂ ਨੂੰ ਪਹਿਲਾਂ ਹੀ 17 ਐਡਵਾਂਸ ਲਾਈਫ ਸਪੋਰਟ (ਏ.ਐੱਲ.ਐੱਸ.) ਐਂਬੂਲੈਂਸਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਏਐਲਐਸ ਐਂਬੂਲੈਂਸਾਂ ਸੁਰੱਖਿਆ ਉਪਕਰਣਾਂ ਜਿਵੇਂ ਵੈਂਟੀਲੇਟਰਸ, ਡਿਫਾਈਬ੍ਰਿਲੇਟਰਸ, ਮਲਟੀ-ਪੈਰਾ ਪੇਸ਼ੈਂਟ ਮੋਨੀਟਰ, ਸੱਕਸ਼ਨ ਮਸ਼ੀਨ, ਨੇਬੁਲਾਈਜ਼ਰਜ਼ ਆਦਿ ਨਾਲ ਪੂਰੀ ਤਰ੍ਹਾਂ ਲੈਸ ਹਨ।
ਅੱਜ ਤੋਂ 60 ਬੀਐਲਐਸ ਐਂਬੂਲੈਂਸਾਂ ਦੀ ਡਿਲੀਵਰੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਪਹਿਲੀਆਂ 15 ਐਂਬੂਲੈਂਸਾਂ ਕਾਰਜ ਵਿਚ ਲਗਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਅਗਸਤ 2020 ਦੇ ਅੰਤ ਤਕ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ।
ਕੋਵਿਡ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਇਹ ਐਂਬੂਲੈਂਸਾਂ ਕਾਫੀ ਮਹੱਤਵਪੂਰਨ ਸਾਬਿਤ ਹੋ ਰਹੀਆਂ ਹਨ ਕਿਉਂਜੋ ਇਹਨਾਂ ਜ਼ਰੀਏ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ ਸੰਸਥਾਵਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਐਮਰਜੈਂਸੀ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿੱਚ 20 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 30 ਮਿੰਟਾਂ ਦੇ ਅੰਦਰ ਅੰਦਰ ਮਿਥੇ ਸਥਾਨ ‘ਤੇ ਪਹੁੰਚ ਜਾਂਦੀਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਜਦੋਂ ਪੰਜਾਬ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਇਨ੍ਹਾਂ ਨਵੀਆਂ ਐਂਬੂਲੈਂਸਾਂ ਨਾਲ ਕੋਵਿਡ ਮਹਾਂਮਾਰੀ ਵਿਰੁੱਧ ਲੜਾਈ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਲ ਮਿਲੇਗਾ। ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਨਵੀਂਆਂ ਏਐਲਐਸ ਅਤੇ ਬੀਐਲਐਸ ਐਂਬੂਲੈਂਸਾਂ ਸਾਹ ਅਤੇ ਹੋਰ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਲਈ ਜੀਵਨ ਰੱਖਿਅਕ ਸਾਬਤ ਹੋਣਗੀਆਂ।
ਜ਼ਿਕਰਯੋਗ ਹੈ ਕਿ ਮਾਰਚ ਤੋਂ ਜੁਲਾਈ, 2020 ਤੱਕ ਐਂਬੂਲੈਂਸ 108 ਜ਼ਰੀਏ ਕੋਵਿਡ ਨਾਲ ਜੁੜੇ 25177 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਉਹਨਾਂ ਕਿਹਾ ਕਿ ਨਵੀਆਂ ਐਂਬੂਲੈਂਸਾਂ ਤੋਂ ਇਲਾਵਾ ਇਸ ਵੇਲੇ ਸੂਬੇ ਵਿੱਚ 19 ਏਐਲਐਸ ਅਤੇ 223 ਬੀਐਲਐਸ ਐਂਬੂਲੈਂਸਾਂ ਕਾਰਜਸ਼ੀਲ ਹਨ ਜਿਹੜੀਆਂ ਲੋੜੀਂਦੀਆਂ ਥਾਵਾਂ ‘ਤੇ ਉਪਲਬਧ ਹਨ ਅਤੇ ‘108’ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸ) ਨਾਲ ਜੁੜੀਆਂ ਹੋਈਆਂ ਹਨ।
ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ ਡੀ ਤਨੂੰ ਕਸ਼ਯਪ, ਡਾਇਰੈਕਟਰ ਡਾ. ਬਲਵੰਤ ਸਿੰਘ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਹੋਰ ਅਧਿਕਾਰੀ ਹਾਜ਼ਰ ਸਨ।
—-