ਸ਼ਹੀਦ ਭਗਤ ਸਿੰਘ ਨਗਰਮੁੱਖ ਖ਼ਬਰਾਂ

  ਨਵਾਂਸ਼ਹਿਰ – ਕੋਵਿਡ-19 ਦੇ ਨਿਯਮਾਂ ਨੂੰ ਧਿਆਨ `ਚ ਰੱਖਦਿਆਂ ਸਤੰਬਰ 2020 ਨੂੰ ਲਗਾਏ ਜਾਣਗੇ ਰੋਜ਼ਗਾਰ ਮੇਲੇ –  ਡਿਪਟੀ ਕਮਿਸ਼ਨਰ ਡਾ.ਸ਼ੇਨਾ ਅਗਰਵਾਲ

ਨਿਊਜ਼ ਪੰਜਾਬ
ਨਵਾਂਸ਼ਹਿਰ, 13 ਅਗਸਤ-
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੋਜ਼ਗਾਰ ਯੁਵਕ/ਯੁਵਤੀਆਂ ਦੇ ਲਈ ਰੋਜ਼ਗਾਰ ਦੇ ਉਪਰਾਲੇ ਕਰਨ ਲਈ ਡਾ.ਸ਼ੇਨਾ ਅਗਰਵਾਲ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ  ਅਦਿੱਤਿਆ ਉੱਪਲ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਰੋਜ਼ਗਾਰ ਮੇਲਿਆਂ ਨੂੰ ਸਫਲ ਬਣਾਉਣ ਲਈ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੀਟਿੰਗ ਆਨਲਾਈਨ ਕੀਤੀ ਗਈ।
ਇਸ ਸਬੰਧੀ ਸ੍ਰੀਮਤੀ ਰੁਪਿੰਦਰ ਕੋਰ, ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਰੋਜ਼ਗਾਰ ਮੇਲਿਆਂ ਲਈ ਸ਼ਹੀਦ ਭਗਤ ਸਿੰਘ ਨਗਰ ਨੂੰ 18 ਅਗਸਤ 2020 ਤੱਕ 3000 ਅਸਾਮੀਆਂ ਇੱਕਠੀਆਂ ਕਰਨ ਲਈ ਟੀਚਾ ਦਿੱਤਾ ਗਿਆ ਹੈ, ਤਾਂ ਜੋ 24 ਸਤੰਬਰ ਤੋਂ ਲੈ ਕੇ 30 ਸਤੰਬਰ 2020 ਤੱਕ ਵੱਧ ਤੋਂ ਵੱਧ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਵਾਇਆ ਜਾ ਸਕੇ।ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹਨਾਂ ਅਸਾਮੀਆਂ ਦੀ ਜਾਣਕਾਰੀ ਰੋਜ਼ਗਾਰ ਵਿਭਾਗ ਦੇ ਪੋਰਟਲ www.pgrkam.com ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਆਨਲਾਈਨ/ਆਫ ਲਾਈਨ ਇੰਟਰਵਿਊ ਵੀ ਕਰਵਾਈ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਪ੍ਰਾਰਥੀ ਡੀ.ਬੀ.ਈ.ਈ, ਨਵਾਂਸ਼ਹਿਰ ਦੇ ਹੈਲਪਲਾਈਨ ਨੰਬਰ 88727-59915 `ਤੇ ਸੰਪਰਕ ਕਰ ਸਕਦੇ ਹਨ।

ਤਸਵੀਰ – ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਦੇ ਉਪਰਾਲੇ ਕਰਨ ਲਈ ਡਾ.ਸ਼ੇਨਾ ਅਗਰਵਾਲ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੀ ਤਸਵੀਰ