ਪਟਿਆਲਾ – ਕੋਵਿਡ ‘ਤੇ ਜਿੱਤ ਪਾਉਣ ਵਾਲੇ ਯੋਧਿਆਂ ਵੱਲੋਂ ਕੋਵਿਡ ਕੇਅਰ ਸੈਂਟਰ ਦੇ ਪ੍ਰਬੰਧਾਂ ਦੀ ਸ਼ਲਾਘਾ -ਮੈਰੀਟੋਰੀਅਸ ਸਕੂਲ ਦਾ ਕੋਵਿਡ ਕੇਅਰ ਸੈਂਟਰ ਬਣਿਆਂ ਕੋਵਿਡ ਦੇ ਮਰੀਜਾਂ ਲਈ ਆਸ ਦਾ ਕੇਂਦਰ

ਨਿਊਜ਼ ਪੰਜਾਬ
ਪਟਿਆਲਾ, 13 ਅਗਸਤ: ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਮਿਸ਼ਨ ਫ਼ਤਿਹ ਤਹਿਤ ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਤੋਂ ਸਿਹਤਯਾਬ ਹੋ ਕੇ ਜਾ ਰਹੇ ਕੋਰੋਨਾ ਯੋਧਿਆਂ ਨੇ ਇਸ ਸੈਂਟਰ ਦੀ ਸ਼ਲਾਘਾ ਕੀਤੀ ਹੈ। ਮਿਸ਼ਨ ਫ਼ਤਿਹ ਤਹਿਤ ਇਸ ਸੈਂਟਰ ‘ਚੋਂ 15 ਤੋਂ ਵਧੇਰੇ ਵਿਅਕਤੀ ਅੱਜ ਵੀ ਸਿਹਤਯਾਬ ਹੋਕੇ ਆਪਣੇ ਘਰਾਂ ਨੂੰ ਪਰਤੇ ਹਨ।
ਇਨ੍ਹਾਂ ‘ਚੋਂ ਪਟਿਆਲਾ ਦੇ ਤੇਜਿੰਦਰ ਸਿੰਘ ਨੇ ਕਿਹਾ ਕਿ ਉਸ ਦਾ 31 ਜੁਲਾਈ ਨੂੰ ਟੈਸਟ ਹੋਇਆ ਤੇ 1 ਅਗਸਤ ਨੂੰ ਪਾਜਿਟਿਵ ਆਇਆ ਸੀ, ਇਸ ਮਗਰੋਂ ਉਹ ਮੈਰੀਟੋਰੀਅਸ ਸਕੂਲ ਦੇ ਕੋਵਿਡ ਕੇਅਰ ਸੈਂਟਰ ‘ਚ ਦਾਖਲ ਹੋਇਆ। ਉਨ੍ਹਾਂ ਦੱਸਿਆ ਕਿ ਇੱਥੇ ਤਿੰਨ ਸਮੇਂ ਪੌਸ਼ਟਿਕ ਖਾਣਾ ਮਿਲਣ ਸਮੇਤ ਤਿੰਨ ਸਮੇਂ ਡਾਕਟਰਾਂ ਨੇ ਚੈਕਅਪ ਕੀਤਾ ਅਤੇ ਇਥੇ ਬਹੁਤ ਵਧੀਆ ਦੇਖਭਾਲ ਹੋਈ। ਉਨ੍ਹਾਂ ਨੇ ਕੋਵਿਡ ਕੇਅਰ ਦੇ ਸਟਾਫ਼ ਦਾ ਧੰਨਵਾਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਵਰਤਣ।
ਬਹਾਦਰਗੜ੍ਹ ਦੇ ਰੁਪਿੰਦਰ ਸਿੰਘ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ ਕੇਅਰ ਸੈਂਟਰ ‘ਚ ਬਹੁਤ ਚੰਗੇ ਇਤਜਾਮ ਹਨ, ਇਥੇ ਉਸਨੂੰ ਕੋਈ ਮੁਸ਼ਕਿਲ ਨਹੀਂ ਆਈ। ਜਦੋਂਕਿ ਰਾਜਪੁਰਾ ਦੇ ਗੌਰਵ ਕੁਮਾਰ ਨੇ ਕਿਹਾ ਕਿ ਉਹ ਦੋ ਅਗਸਤ ਨੂੰ ਇੱਥੇ ਆਇਆ ਅਤੇ ਇੱਥੇ ਪੁੱਜਕੇ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਹੀਂ ਹੋਈ। ਉਸਨੇ ਕਿਹਾ ਕਿ ਸਟਾਫ਼ ਮਿਲਵਰਤਣ ਵਾਲਾ ਹੈ ਹਰ ਤਰ੍ਹਾਂ ਦੇ ਟੈਸਟ ਕਰਕੇ ਸਾਡੇ ਇਲਾਜ ਲਈ ਹਰ ਸੰਭਵ ਯਤਨ ਕੀਤਾ, ਜਿਸ ਦਾ ਉਹ ਸਦਾ ਰਿਣੀ ਰਹਿਣਗੇ।
ਜਦੋਂਕਿ ਹੋਰ ਸਿਹਤਯਾਬ ਹੋਣ ਵਾਲਿਆਂ ‘ਚ ਵੱਖ-ਵੱਖ ਉਮਰ ਵਰਗ ਦੇ ਮਰੀਜ ਚਰਨਜੀਤ ਕੌਰ, ਮਨਪ੍ਰੀਤ ਕੌਰ, ਅਰੁਣ ਕੁਮਾਰ, ਮਹਿਕ, ਈਸ਼ਾ, ਅਲੀ ਹੁਸੈਨ, ਸੌਰਭ, ਰੌਸ਼ਨੀ, ਪਿੰਕੀ ਰਾਣੀ ਸਮੇਤ ਹੋਰਨਾਂ ਸਿਹਤਯਾਬ ਹੋਏ ਵਿਅਕਤੀਆਂ ਨੇ ਕਿਹਾ ਕਿ ਇੱਥੇ ਤਾਇਨਾਤ ਡਾਕਟਰਾਂ ਦੀ ਨਿਗਰਾਨੀ ਨੇ ਉਨ੍ਹਾਂ ਨੂੰ ਸਿਹਤਯਾਬ ਕਰਨ ‘ਚ ਸਭ ਤੋਂ ਵੱਡਾ ਰੋਲ ਨਿਭਾਇਆ ਹੈ। ਡਾਕਟਰਾਂ ਨੇ ਨਾ ਸਿਰਫ਼ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਬਲਕਿ ਉਨ੍ਹਾਂ ਦੇ ਖਾਣ-ਪੀਣ ਤੋਂ ਇਲਾਵਾ ਉਨ੍ਹਾਂ ਦੇ ਮਨੋਬਲ ਨੂੰ ਉਚਾ ਰੱਖਣ ਲਈ ਵੀ ਅਹਿਮ ਭੂਮਿਕਾ ਨਿਭਾਈ।
ਇਸ ਸੈਂਟਰ ਦੇ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਦੀ ਅਗਵਾਈ ਇਸ ਕੇਂਦਰ ਹੁਣ ਤੱਕ 566 ਕੋਵਿਡ ਪੀੜਤ ਦਾਖਲ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਅੱਜ ਦੇ 15 ਮਰੀਜਾਂ ਸਮੇਤ 469 ਸਿਹਤਯਾਬ ਹੋਕੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਲੈਵਲ-1 ਕੋਵਿਡ ਕੇਅਰ ਸੈਂਟਰ ਵਿਖੇ ਇਸ ਸਮੇਂ 54 ਐਕਟਿਵ ਕੇਸ ਦਾਖਲ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੈਰੀਟੋਰੀਅਸ ਕੋਵਿਡ ਕੇਅਰ ਸੈਂਟਰ ਨੂੰ 100 ਬਿਸਤਰਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਹੁਣ ਇਸਦੀ ਸਮਰੱਥਾ ਵਧਾ ਕੇ 500 ਬਿਸਤਰਿਆਂ ਤੱਕ ਕੀਤੀ ਗਈ ਹੈ। ਇੱਥੇ ਫਲੂ ਦੇ ਹਲਕੇ ਲੱਛਣਾਂ ਵਾਲੇ ਮਰੀਜਾਂ ਨੂੰ ਦਾਖਲ ਕੀਤਾ ਜਾਦਾਂ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜਿਆਦਾ ਗੰਭੀਰ ਮਰੀਜਾਂ ਦੇ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਉਸਤੋਂ ਘੱਟ ਗੰਭੀਰ ਮਰੀਜਾਂ ਲਈ ਜ਼ਿਲ੍ਹਾ ਹਸਪਤਾਲ ਮੌਜੂਦ ਹਨ ਅਤੇ ਆਮ ਲੱਛਣਾਂ ਵਾਲੇ ਮਰੀਜਾਂ ਦੀ ਮੁਢਲੀ ਸੰਭਾਲ ਲਈ ਇਹ ਕੋਵਿਡ ਕੇਅਰ ਸੈਂਟਰ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਮਰੀਜ ਠੀਕ ਹੋ ਜਾਵੇ ਤਾਂ ਇਨ੍ਹਾਂ ਨੂੰ ਇੱਥੋਂ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਜੇਕਰ ਜਿਆਦਾ ਗੰਭੀਰ ਹੋਵੇ ਤਾਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਭੇਜਿਆ ਜਾਂਦਾ ਹੈ।

*************
ਫੋਟੋ ਕੈਪਸ਼ਨ- ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੀਤੇ ਕੋਵਿਡ ਕੇਅਰ ਸੈਂਟਰ ਵਿਖੇ ਮਰੀਜਾਂ ਨੂੰ ਖਾਣਾ ਵਰਤਾਉਂਦੇ ਹੋਏ ਸਟਾਫ਼ ਮੈਂਬਰ।
-ਕੋਵਿਡ ਕੇਅਰ ਸੈਂਟਰ ਵਿੱਚੋਂ ਸਿਹਤਯਾਬ ਹੋਕੇ ਆਪਣੇ ਘਰਾਂ ਨੂੰ ਜਾ ਰਹੇ ਵਿਅਕਤੀ।