ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰ. ਕੁਲਵੰਤ ਸਿੰਘ ਫੇਸਬੁੱਕ ਲਾਈਵ ਰਾਹੀਂ ਲੋਕਾਂ ਨਾਲ ਹੋਏ ਰੁਬਰੂ

ਅੱਜ ਜ਼ਿਲੇ੍ਹ ਅੰਦਰ 6 ਮਰੀਜ਼ ਕਰੋਨਾ ਮੁਕਤ ਹੋ ਕੇ ਘਰਾਂ ਨੂੰ ਪਰਤੇ,
ਹੁਣ ਤੱਕ ਕਰੋਨਾ ਮੁਕਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ 351 ਮਰੀਜ਼
ਕੋਵਿਡ -19 ਦੇ ਜ਼ਿਲੇ੍ਹ ਤਰਨ ਤਾਰਨ ਵਿੱਚ ਹੁਣ 152 ਕੇਸ ਐਕਟਿਵ

ਨਿਊਜ਼ ਪੰਜਾਬ

ਤਰਨ ਤਾਰਨ, 12 ਅਗਸਤ – ਕੋਵਿਡ-19 ਪਾਜ਼ੇਟਿਵ ਪਾਏ ਗਏ 6 ਮਰੀਜ਼ਾਂ ਨੂੰ ਅੱਜ ਕਰੋਨਾ ਮੁਕਤ ਹੋਣ ‘ਤੇ ਘਰਾਂ ਨੂੰ ਭੇਜਿਆ ਗਿਆ ਹੈ। ਅੱਜ ਹਫਤਾਵਾਰੀ ਫੇਸਬੁੱਕ ਲਾਈਵ ਪੇਜ਼ ਰਾਹੀਂ ਲੋਕਾਂ ਨਾਲ ਰੁਬਰੂ ਹੋਣ ਮੌਕੇ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ  ਤਾਰਨ ਵਿੱਚ ਹੁਣ ਤੱਕ 351 ਮਰੀਜ਼ ਕਰੋਨਾ ਮੁਕਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕੋਵਿਡ-19 ਦੇ 152 ਐਕਟਿਵ ਕੇਸ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਦੇ ਅੱਜ ਤੱਕ 19922 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿੰਨਾਂ ਵਿਚੋਂ 517 ਦੀ ਰਿਪੋਰਟ ਪੋਜਟਿਵ ਆਈ ਹੈ, 18838 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ ਅਜੇ 569 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਸਿਵਲ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ 23 ਮਰੀਜ਼ ਜੇਰੇ ਇਲਾਜ ਹਨ, ਜੋ ਕਿ ਸਿਹਤ ਪੱਖੋਂ ਬਿਲਕੁੱਲ ਠੀਕ ਹਨ।ਇਸ ਤੋਂ ਇਲਾਵਾ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਵਿੱਚ 21 ਵਿਅਕਤੀਆਂ ਨੂੰ ਰੱਖਿਆ ਗਿਆ ਹੈ ਅਤੇ 52 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 8 ਵਿਅਕਤੀਆਂ ਨੂੰ ਰੈਫਰ ਕੀਤਾ ਗਿਆ ਹੈ ।ਜ਼ਿਲ੍ਹੇ ਨਾਲ ਸਬੰਧਿਤ 35 ਮਰੀਜ਼ ਹੋਰ ਜ਼ਿਲ੍ਹਿਆਂ ਵਿੱਚ ਜੇਰੇ ਇਲਾਜ ਹਨ।
ਉਹਨਾਂ ਦੱਸਿਆ ਕਿ ਕੋਵਿਡ-19 ਦੀ ਜਾਂਚ ਲਈ ਸਿਵਲ ਹਸਪਤਾਲ ਤਰਨ ਤਾਰਨ, ਸਬ-ਡਵੀਜ਼ਨਲ ਹਸਪਤਾਲ ਪੱਟੀ ਅਤੇ ਖਡੂਰ ਸਾਹਿਬ ਅਤੇ  ਹੋਰ 6 ਕਮਿਊਨਟੀ ਹੈਲਥ ਸੈਂਟਰ (ਕੁੱਲ-9) ਵਿੱਚ ਕਰੋਨਾ ਵਾਇਰਸ ਲਈ ਸੈਂਪਲਿੰਗ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਅੱਜ ਕੋਵਿਡ-19 ਦੀ ਜਾਂਚ ਸਬੰਧੀ 191 ਹੋਰ ਸੈਂਪਲ ਲਏ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭ-ਕਾਮਨਾਵਾਂ ਦਿੰਦਿਆਂ ਵਸਨੀਕਾਂ ਨੂੰ ਕੋਵਿਡ-19 ਦੀਆਂ ਸਾਵਧਾਨੀਆਂ ਵਰਤਣ ਲਈ ਵੀ ਕਿਹਾ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਨੂੰ ਬਚਾਅ ਢੰਗਾਂ ਰਾਹੀਂ ਹੀ ਹਰਾਇਆ ਜਾ ਸਕਦਾ ਹੈ। ਇਸ ਲਈ ਸਾਵਧਾਨੀਆਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ਤਾਂ ਜ਼ੋ ਅਸੀਂ ਖੁਦ ਦੇ ਨਾਲ-ਨਾਲ ਆਪਣੇ ਪਰਿਵਾਰ ਤੇ ਹੋਰਨਾਂ ਨੂੰ ਵੀ ਇਸ ਮਹਾਂਮਾਰੀ ਤੋਂ ਬਚਾ ਸਕਦੇ ਹਾਂ।
————–