ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋ ਸ਼ਹਿਰ ਦੇ ਕਈ ਮੰਦਰਾਂ ਦਾ ਦੌਰਾ, ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਵੀ ਲਿਆ

ਮੰਦਰ ਪ੍ਰਬੰਧਕ ਕਮੇਟੀਆਂ ਨੂੰ ਕੋਵਿਡ-19 ਨਾਲ ਸਬੰਧਤ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਕੀਤੀ ਅਪੀਲ

ਨਿਊਜ਼ ਪੰਜਾਬ

ਲੁਧਿਆਣਾ, 12 ਅਗਸਤ  – ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਅੱਜ ਸ਼ਹਿਰ ਦੇ ਕਈ ਮੰਦਰਾਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਵੀ ਲਿਆ। ਦੋਵਾਂ ਅਧਿਕਾਰੀਆਂ ਨੇ ਮੰਦਰ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਜਦੋਂ ਸ਼ਰਧਾਲੂ ਮੰਦਰਾਂ ਵਿੱਚ ਮੱਥਾ ਟੇਕਣ ਲਈ ਆਉਂਦੇ ਹਨ ਤਾਂ ਕੋਵਿਡ-19 ਨਾਲ ਸਬੰਧਤ ਸਾਰੀਆਂ ਸਰਕਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਜਿਕਰਯੋਗ ਹੈ ਕਿ ਜਨਮ ਅਸ਼ਟਮੀ ਦੇ ਮੱਦੇਨਜ਼ਰ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਨਵੇਂ ਦਿਸ਼ਾ- ਨਿਰਦੇਸ਼ਾਂ ਦੇ ਮੱਦੇਨਜ਼ਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਚੰਡੀਗੜ ਦੇ ਹੁਕਮ ਨੰ: ਐਸ.ਐਸ/ਐਸ.ਸੀ.ਐਸ/ 2020/582 ਮਿਤੀ 11 ਅਗਸਤ, 2020 ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਹਿਲਾਂ ਹੀ ਹੁਕਮ ਜਾਰੀ ਕੀਤੇ ਹਨ ਕਿ ਅੱਜ ਅਤੇ 13 ਅਗਸਤ, 2020 ਦੀ ਰਾਤ ਦਾ ਕਰਫਿਊ ਜ਼ਿਲ੍ਹਾ ਲੁਧਿਆਣਾ ਵਿਖੇ ਜਨਮ ਅਸ਼ਟਮੀ ਦੇ ਕਾਰਨ ਬੁੱਧਵਾਰ ਅਤੇ ਵੀਰਵਾਰ ਅੱਧੀ ਰਾਤ 1 ਵਜੇ ਤੋਂ ਸਵੇਰੇ 5 ਵਜ਼ੇ ਤੱਕ ਰਹੇਗਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਹ ਢਿੱਲ ਵਸਨੀਕਾਂ ਨੂੰ ਸਿਰਫ ਅੱਜ ਅਤੇ 13 ਅਗਸਤ, 2020 ਦੀ ਰਾਤ ਲਈ ਪ੍ਰਦਾਨ ਕੀਤੀ ਗਈ ਹੈ ਅਤੇ ਬਾਕੀ ਦਿਨ ਜ਼ਿਲ੍ਹਾ ਲੁਧਿਆਣਾ ਵਿੱਚ ਕਰਫਿਊ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਮੰਦਰ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ 20 ਤੋਂ ਵੱਧ ਵਿਅਕਤੀਆਂ ਨੂੰ ਧਾਰਮਿਕ ਸਥਾਨ ‘ਤੇ ਇਕ ਸਮੇਂ ਇਕੱਠੇ ਹੋਣ ਦੀ ਆਗਿਆ ਨਾ ਦਿੱਤੀ ਜਾਵੇ।