ਅਸੀਂ ਕਰਤਾਰਪੁਰ ਲਾਂਘੇ ਨੂੰ ਬੰਦ ਹੋਣ ਨਹੀਂ ਦੇਵਾਂਗੇ; ਕੈਪਟਨ ਅਮਰਿੰਦਰ ਸਿੰਘ
ਡੀ.ਜੀ.ਪੀ. ਦੇ ਬਿਆਨ ਨਾਲ ਛਿੜਿਆ ਵਿਵਾਦ ਟਾਲਣਯੋਗ ਸੀ; ਕਿਹਾ, ਦਿਨਕਰ ਗੁਪਤਾ ਪਹਿਲਾ ਹੀ ਅਫਸੋਸ ਜ਼ਾਹਰ ਕਰ ਚੁੱਕੇ ਹਨ ਜਿਸ ਕਾਰਨ ਹੁਣ ਸ਼ਾਂਤੀ ਬਹਾਲੀ ‘ਤੇ ਧਿਆਨ ਦਿੱਤਾ ਜਾਵੇ —- ਪਾਕਿਸਤਾਨ ਤੋਂ ਖਤਰਾ ਅਣਗੌਲਿਆ ਨਹੀਂ ਜਾ ਸਕਦਾ, ਸੂਬਾ ਸਰਕਾਰ ਕੋਲ ਗੁਪਤ ਦਸਤਾਵੇਜ਼ ਮੌਜੂਦ ਪਰ ਸਦਨ ਵਿੱਚ ਸਾਂਝੇ ਨਹੀਂ ਕੀਤੇ ਜਾ ਸਕਦੇ
ਚੰਡੀਗੜ੍ਹ, 25 ਫਰਵਰੀ (ਨਿਊਜ਼ ਪੰਜਾਬ )
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ‘ਤੇ ਚੌਕਸੀ ਰੱਖਣ ਦੀ ਲੋੜ ਦੇ ਨਾਲ ਮੰਗਲਵਾਰ ਨੂੰ ਇਹ ਗੱਲ ਸਾਫ ਕੀਤੀ ਕਿ ਸੁਰੱਖਿਆਵਾਂ ਦੀਆਂ ਚਿੰਤਾਵਾਂ ਦੀ ਪਰਵਾਹ ਕੀਤੇ ਬਗੈਰ ਗੁਰਦੁਆਰਾ ਦਰਬਾਰ ਸਾਹਿਬ ਦੇ ‘ਖੁੱਲ੍ਹੇ ਦਰਸ਼ਨ ਦੀਦਾਰ’ ਲਈ ਕਰਤਾਰਪੁਰ ਲਾਂਘਾ ਸਦਾ ਖੁੱਲ੍ਹਾ ਰਹੇਗਾ।
ਪੰਜਾਬ ਵਿਧਾਨ ਸਭਾ ਵਿੱਚ ਆਪਣੇ ਬਿਆਨ ‘ਚ ਮੁੱਖ ਮੰਤਰੀ ਨੇ ਕਿਹਾ, ”ਅਸੀਂ ਕਰਤਾਰਪੁਰ ਲਾਂਘਾ ਬੰਦ ਨਹੀਂ ਹੋਣ ਦੇਵਾਂਗੇ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਹੈ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਇਹ ਖੁੱਲ੍ਹੇ, ਹਰੇਕ ਪੰਜਾਬੀ ਚਾਹੁੰਦਾ ਸੀ ਅਤੇ ਰੋਜ਼ਾਨਾ ਇਸ ਦੇ ਨਾਲ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਕਰਦਾ ਸੀ।” ਉਨ੍ਹਾਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਗੁਰਦੁਆਰਿਆਂ ਨੂੰ ਵੀ ਖੋਲ੍ਹਣ ਲਈ ਕੰਮ ਕਰਨ।
ਕਰਤਾਰਪੁਰ ਲਾਂਘੇ ਰਾਹੀਂ ਖਤਰੇ ਦੀ ਸੰਭਾਵਨਾ ਬਾਰੇ ਡੀ.ਜੀ.ਪੀ. ਵੱਲੋਂ ਦਿੱਤੇ ਹਾਲੀਆ ਬਿਆਨ ਉਪਰ ਹੋਈ ਆਲਚੋਨਾ ਦੇ ਜਵਾਬ ਵਿੱਚ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾ ਸਪੀਕਰ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਪ੍ਰਸ਼ਨ ਕਾਲ ਤੋਂ ਪਹਿਲਾਂ ਇਸ ਮੁੱਦੇ ਉਤੇ ਆਪਣਾ ਬਿਆਨ ਦੇਣਾ ਚਾਹੁੰਦੇ ਹਨ।
ਡੀ.ਜੀ.ਪੀ. ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨਾਲ ਸਬੰਧਤ ਸੁਰੱਖਿਆ ਦੇ ਮੁੱਦੇ ਬਾਰੇ ਦਿੱਤੇ ਬਿਆਨ ਉਤੇ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਦਿੱਤੇ ਬਿਆਨਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਪੂਰੀ ਤਰ੍ਹਾਂ ਟਾਲਿਆ ਜਾ ਸਕਦਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਡੀ.ਜੀ.ਪੀ. ਨੇ ਅਫਸੋਸ ਜ਼ਾਹਰ ਕਰ ਦਿੱਤਾ ਹੈ, ਹਰੇਕ ਵਿਅਕਤੀ ਤੋਂ ਗਲਤੀ ਹੋ ਸਕਦੀ ਹੈ, ਇਥੋਂ ਤੱਕ ਕਿ ਮੈਂ ਵੀ ਗਲਤੀ ਕਰ ਸਕਦਾ ਹਾਂ, ਅਸੀਂ ਸਾਰੇ ਮਨੁੱਖੀ ਜੀਵ ਹਾਂ।” ਉਨ੍ਹਾਂ ਵਿਰੋਧੀਆਂ ਤੋਂ ਪੁੱਛਿਆ ਕਿ ਉਨ੍ਹਾਂ ਵਿੱਚੋਂ ਕੋਈ ਇਹ ਦਾਅਵਾ ਕਰੇ ਕਿ ਉਸ ਨੇ ਗਲਤੀਆਂ ਨਹੀਂ ਕੀਤੀਆਂ। ਉਨ੍ਹਾਂ ਅੱਗੇ ਕਿਹਾ, ”ਸਾਡੇ ਸਾਰਿਆਂ ਵੱਲੋਂ ਗਲਤੀਆਂ ਹੁੰਦੀਆਂ ਹਨ, ਹੁਣ ਇਹ ਮਾਮਲਾ ਖਤਮ ਹੋ ਗਿਆ ਹੈ ਅਤੇ ਹੁਣ ਸਾਨੂੰ ਸ਼ਾਂਤੀ ਬਹਾਲੀ ਉਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਪੰਜਾਬ ਬੜੇ ਮਾੜੇ ਦੌਰ ਵਿੱਚੋਂ ਲੰਘਿਆ ਹੈ ਜਿਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਮੁੜ ਕੇ ਉਹੋ ਜਿਹਾ ਸਮਾਂ ਆਵੇ।” ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਤਿਵਾਦ ਦੇ ਦਿਨਾਂ ਦੌਰਾਨ 35000 ਪੰਜਾਬੀਆਂ ਅਤੇ 1700 ਪੁਲਿਸ ਕਰਮੀਆਂ ਨੇ ਆਪਣੀਆਂ ਜਾਨਾਂ ਗੁਆਈਆਂ। ਇਸ ਤੋਂ ਇਲਾਵਾ ਸੈਨਿਕਾਂ ਨੇ ਵੱਖਰੀਆਂ ਜਾਨਾਂ ਖੋਹੀਆਂ। ਮੁੱਖ ਮੰਤਰੀ ਨੇ ਕਿਹਾ, ”ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਸਭ ਕੁੱਝ ਮੁੜ ਕੇ ਨਾ ਵਾਪਰੇ।”
ਮੁੱਖ ਮੰਤਰੀ ਨੇ ਸਨਮਾਨਯੋਗ ਸਦਨ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ, ”ਅਸੀਂ ਸਾਰੇ ਲਾਂਘੇ ਦੇ ਖੁੱਲ੍ਹਣ ਨਾਲ ਬਹੁਤ ਖੁਸ਼ ਹਾਂ ਅਤੇ ਸਾਂਝੀਆਂ ਕੋਸ਼ਿਸ਼ਾਂ ਲਈ ਧੰਨਵਾਦ ਕਰਦੇ ਹਾਂ।” ਉਨ੍ਹਾਂ ਐਲਾਨ ਕੀਤਾ ਕਿ ਲਾਂਘਾ ਸਦਾ ਖੁੱਲ੍ਹਿਆ ਰਹੇਗਾ ਭਾਵੇਂ ਕੋਈ ਵੀ ਚਿੰਤਾਵਾਂ ਰਹਿਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਮੇਰੀ ਸਰਕਾਰ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਫੈਸਲੇ ਦਾ ਹਿੱਸਾ ਸੀ। ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਤੈਅ ਅਤੇ ਰਿਕਾਰਡ ਸਮੇਂ ਵਿੱਚ ਪੂਰਾ ਕਰਨ, ਸੁਰੱਖਿਆ ਦਾ ਬੁਨਿਆਦੀ ਢਾਂਚਾ ਸਥਾਪਤ ਕਰਨ ਆਦਿ ਲਈ ਮੇਰੀ ਸਾਰੀ ਸਰਕਾਰ ਸਮੇਤ ਮੰਤਰੀਆਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਦਿਨ-ਰਾਤ ਕੰਮ ਕੀਤਾ।”
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਗੁਪਤ ਦਸਤਾਵੇਜ਼ ਹਨ ਜਿਨ੍ਹਾਂ ਨੂੰ ਸਦਨ ਵਿੱਚ ਵੰਡਿਆ ਨਹੀਂ ਜਾ ਸਕਦਾ। ਲੰਬੇ ਸਮੇਂ ਤੱਕ ਕਸ਼ਮੀਰ ਵਿੱਚ ਦਖਲਅੰਦਾਜ਼ੀ ਕਰਨ ਤੋਂ ਬਾਅਦ ਆਈ.ਐਸ.ਆਈ. ਕੋਲ ਹੁਣ ਇਕੋਂ ਕੰਮ ਹੈ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਧੱਕੇ ਨਾਲ ਸੂਬੇ ਵਿੱਚ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਆਈ.ਐਸ.ਆਈ. ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਨੇ 32 ਗ੍ਰੋਹਾਂ ਦਾ ਪਰਦਾਫਾਸ਼ ਕਰਦਿਆਂ 154 ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ, 41 ਏ.ਕੇ.47/ਐਮ.ਪੀ.9/ਐਮ.ਪੀ.5 ਰਾਈਫਲਜ਼, 156 ਹੋਰ ਰਾਈਫਲਾਂ ਅਤੇ ਪਿਸਤੌਲ, 35 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਵਿੱਚ ਵਰਤਿਆ ਅਸਲਾ ਵੀ ਸ਼ਾਮਲ ਹੈ। ਇਸੇ ਤਰ੍ਹਾਂ 3.5 ਕਿਲੋ ਆਰ.ਡੀ.ਐਕਸ., ਦੋ ਸਮਾਰਟ ਫੋਨ ਅਤੇ 30 ਲੱਖ ਰੁਪਏ ਦੀ ਜਾਅਲੀ ਕਰੰਸੀ ਵੀ ਬਰਾਮਦ ਕੀਤੀ ਗਈ।
ਚੀਨੀ ਡਰੋਨਾਂ ਦੀਆਂ ਤਸਵੀਰਾਂ ਦਿਖਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਡਰੋਨ ਰਾਵੀ ਰਾਹੀਂ ਤੈਰ ਰਹੇ ਇਕ ਵਿਅਕਤੀ ਤੋਂ ਜ਼ਬਤ ਕੀਤੇ ਗਏ ਹਨ ਪਰ ਇਹ ਹੋ ਸਕਦਾ ਕਿ ਹੋਰ ਡਰੋਨ ਵੀ ਹੋਣ ਜੋ ਅਜੇ ਤੱਕ ਫੜੇ ਨਹੀਂ ਜਾ ਸਕੇ। ਉਨ੍ਹਾਂ ਕਿਹਾ,”ਕੌਣ ਜਾਣਦਾ ਕਿ ਉਨ੍ਹਾਂ ਦਾ ਮਕਸਦ ਕੀ ਸੀ?”
ਮੁੱਖ ਮੰਤਰੀ ਨੇ ਕਿਹਾ,”ਆਈ.ਐਸ.ਆਈ. ਨੂੰ ਤਾਲਿਬਾਨ, ਇਰਾਨ ਜਾਂ ਬਲੋਚਿਸਤਾਨ ਨਾਲ ਕੀ ਸਮੱਸਿਆ ਹੈ, ਅਸੀਂ ਨਹੀਂ ਜਾਣਦੇ। ਪਰ ਪਾਕਿਸਤਾਨੀ ਏਜੰਸੀ ਭਾਰਤ ਵਿੱਚ ਕੀ ਕਰ ਰਹੀ ਹੈ, ਇਸ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਸ ਤੋਂ ਪਹਿਲਾਂ ਕਸ਼ਮੀਰ ਸੀ ਅਤੇ ਹੁਣ ਪੰਜਾਬ ਉਨ੍ਹਾਂ ਦੇ ਨਿਸ਼ਾਨੇ ‘ਤੇ ਹੈ।”
ਇਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜ਼ਾਹਰ ਕੀਤੀਆਂ ਚਿੰਤਾਵਾਂ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੀ ਮਿਸਾਲ ਸਾਲ 1947, 1965, 1971 ਅਤੇ ਕਾਰਗਿਲ ਜੰਗ ਤੋਂ ਲਈ ਜਾ ਸਕਦੀ ਹੈ।