ਨਗਰ ਕੌਸਲ ਸਨੌਰ ਨੇ ਘਰਾਂ ‘ਚੋਂ ਕੂੜਾ ਚੁੱਕਣ ਦਾ ਟੀਚਾ 100 ਫੀਸਦੀ ਕੀਤਾ ਹਾਸਲ -ਐਨ.ਜੀ.ਟੀ ਦੇ ਨਿਰਦੇਸ਼ਾਂ ਅਨੁਸਾਰ ਪਿੱਟਸ ਤੇ ਐਮ.ਆਰ.ਐਫ਼ ਸ਼ੈਡ ਵੀ ਬਣਾਏ

-15 ਵਾਰਡਾਂ ਦੇ 4710 ਘਰਾਂ ‘ਚੋਂ ਕੂੜਾ ਇਕੱਠੇ ਕਰਦੇ ਹਨ 30 ਸਫਾਈ ਕਰਮੀ

ਨਿਊਜ਼ ਪੰਜਾ

ਸਨੌਰ/ਪਟਿਆਲਾ, 10 ਅਗਸਤ:
ਨਗਰ ਕੌਸਲ ਸਨੌਰ ਨੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਤੇ ਨੈਸ਼ਨਲ ਗ੍ਰੀਨ ਟ੍ਰਿਉਬਨਲ ਦੇ ਨਿਰਦੇਸ਼ਾਂ ਅਨੁਸਾਰ ਘਰ-ਘਰ ‘ਚੋਂ ਕੂੜਾ ਇਕੱਤਰ ਕਰਨ ਦਾ 100 ਫੀਸਦੀ ਟੀਚਾ ਹਾਸਲ ਕਰ ਲਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਪਟਿਆਲਾ ਖੇਤਰ ਦੇ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਹਰ ਸ਼ਹਿਰ ਨੂੰ ਕੂੜਾ ਮੁਕਤ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਇਸ ਤਹਿਤ ਨਗਰ ਕੌਂਸਲ ਸਨੌਰ ਦੀਆਂ 15 ਵਾਰਡਾਂ ਵਿੱਚ 15 ਰਿਕਸ਼ਾ ਰੇਹੜੀਆਂ ਤੇ 30 ਸਫਾਈ ਕਰਮਚਾਰੀ ਘਰਾਂ ‘ਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਇਕੱਠਾ ਕਰਕੇ ਸਾਬਕਾ ਫ਼ੌਜੀ ਪਾਰਕ ਅਤੇ ਲਛਮਣ ਦਾਸ ਪਾਰਕਾਂ ਨੇੜੇ ਬਣੇ ਦੋ ਮੈਟੀਰੀਅਲ ਰਿਕਵਰੀ ਫੈਸਿਲਟੀ ਸ਼ੈਡਾਂ ‘ਚ ਲਿਜਾ ਕੇ ਵੱਖ-ਵੱਖ ਕੀਤਾ ਜਾਂਦਾ ਹੈ।
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਕੇਸ਼ ਅਰੋੜਾ ਨੇ ਦੱਸਿਆ ਕਿ ਗਿੱਲਾ ਕੂੜਾ ਬਣਾਈਆਂ ਗਈਆਂ 25 ਪਿੱਟਾਂ ‘ਚ ਦਬਾਇਆ ਜਾਂਦਾ ਹੈ, ਜਿਸ ਤੋਂ ਖਾਦ ਤਿਆਰ ਹੁੰਦੀ ਹੈ ਅਤੇ ਸੁੱਕੇ ਕੂੜੇ ਦਾ ਨਿਪਟਾਰਾ ਐਨ.ਜੀ.ਟੀ. ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਜਾਂਦਾ ਹੈ।
ਰਾਕੇਸ਼ ਅਰੋੜਾ ਨੇ ਦੱਸਿਆ ਕਿ ਨਗਰ ਕੌਂਸਲ ਸਨੌਰ ਦੀਆਂ 15 ਵਾਰਡਾਂ ‘ਚ 4710 ਘਰ ਹਨ, ਜਿਨ੍ਹਾਂ ‘ਚੋਂ 6 ਘਰਾਂ ‘ਚ ਕੋਵਿਡ-19 ਦੇ ਮਰੀਜ ਹਨ, ਜਿਨ੍ਹਾਂ ਦਾ ਕੂੜਾ ਵੱਖਰੇ ਤੌਰ ‘ਤੇ ਕੌਂਸਲ ਮੁਲਾਜਮਾਂ ਵੱਲੋਂ ਪੀ.ਪੀ.ਈ. ਕਿੱਟਾਂ ਪਾ ਕੇ ਚੁੱਕਿਆ ਜਾਂਦਾ ਹੈ ਅਤੇ ਇਸ ਦਾ ਨਿਪਟਾਰਾ ਵੀ ਨਿਰਧਾਰਤ ਮਾਪਦੰਡਾਂ ਮੁਤਾਬਕ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਕੂੜਾ ਖੁੱਲ੍ਹੇ ਵਿੱਚ ਨਾ ਸੁੱਟਣ ਅਤੇ ਗਿੱਲਾ-ਸੁੱਕਾ ਘਰਾਂ ‘ਚ ਹੀ ਵੱਖਰਾ ਕਰਕੇ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਰੇਹੜੀ ‘ਚ ਪਾਇਆ ਜਾਵੇ।
I/61965/2020

*********
ਫੋਟੋ ਕੈਪਸ਼ਨ-ਨਗਰ ਕੌਸਲ ਸਨੌਰ ਵੱਲੋਂ ਪੰਜਾਬ ਸਰਕਾਰ ਤੇ ਨੈਸ਼ਨਲ ਗ੍ਰੀਨ ਟ੍ਰਿਉਬਨਲ ਦੇ ਨਿਰਦੇਸ਼ਾਂ ਅਨੁਸਾਰ ਘਰ-ਘਰ ‘ਚੋਂ ਕੂੜਾ ਇਕੱਤਰ ਕਰਨ ਦਾ ਕੰਮ ਕਰਦੇ ਹੋਏ ਕਰਮਚਾਰੀ।