ਆਜ਼ਾਦੀ ਘੁਲਾਟੀਏ ਵਰਿਆਮ ਸਿੰਘ ਚੱਢਾ ਦਾ ਦੇਹਾਂਤ, ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
-ਮੁੱਖ ਮੰਤਰੀ ਦੀ ਤਰਫ਼ੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਨੇ ਫੁੱਲ ਮਾਲਾ ਰੱਖਕੇ ਅਰਪਿਤ ਕੀਤੀ ਸ਼ਰਧਾਂਜਲੀ
ਨਿਊਜ਼ ਪੰਜਾਬ
ਪਟਿਆਲਾ, 6 ਅਗਸਤ: ਦੇਸ਼ ਦੇ ਆਜ਼ਾਦੀ ਸੰਗਰਾਮ ‘ਚ ਹਿੱਸਾ ਪਾਉਣ ਵਾਲੇ ਆਜ਼ਾਦੀ ਘੁਲਾਟੀਏ 95 ਸਾਲਾ ਸ੍ਰੀ ਵਰਿਆਮ ਸਿੰਘ ਚੱਢਾ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਇੱਥੇ ਘਲੋੜੀ ਗੇਟ ਸਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਇੰਦਰਜੀਤ ਸਿੰਘ ਤੇ ਜਸਵਿੰਦਰ ਸਿੰਘ ਨੇ ਦਿਖਾਈ।
ਸ. ਵਰਿਆਮ ਸਿੰਘ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਫੁੱਲ ਮਾਲਾ ਰੱਖਕੇ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ ਨੇ ਫੁੱਲ ਮਾਲਾ ਰੱਖੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਤਰਫ਼ੋਂ ਨਾਇਬ ਤਹਿਸੀਲਦਾਰ ਸ. ਪਵਨਦੀਪ ਸਿੰਘ ਨੇ ਸ਼ਰਧਾਜਲੀ ਅਰਪਿਤ ਕੀਤੀ। ਇਸ ਮੌਕੇ ਕੌਂਸਲਰ ਸ੍ਰੀ ਨਿਖਲ ਬਾਤਿਸ਼ ਸਮੇਤ ਪਰਿਵਾਰਕ ਮੈਂਬਰ ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਪਟਿਆਲਾ ਪੁਲਿਸ ਦੀ ਟੁਕੜੀ ਨੇ ਆਜ਼ਾਦੀ ਘੁਲਾਟੀਏ ਦੀ ਮ੍ਰਿਤਕ ਦੇਹ ਨੂੰ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੱਤਾ।
ਸ੍ਰੀ ਵਰਿਆਮ ਸਿੰਘ ਆਪਣੀ ਧਰਮ ਪਤਨੀ ਸ੍ਰੀਮਤੀ ਰਜਿੰਦਰ ਕੌਰ ਸਮੇਤ ਹੋਰ ਪਰਿਵਾਰ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਲੜਾਈ ਦੌਰਾਨ ਬ੍ਰਿਟਿਸ਼ ਹਕੂਮਤ ਦੀਆਂ ਜੇਲਾਂ ਵੀ ਕੱਟੀਆਂ ਸਨ। ਉਨ੍ਹਾਂ ਦੇ ਫੁਲ ਚੁਗਣ ਦੀ ਰਸਮ 7 ਅਗਸਤ ਨੂੰ ਸਵੇਰੇ 9 ਵਜੇ ਘਲੋੜੀ ਗੇਟ ਸਮਸ਼ਾਨਘਾਟ ਵਿਖੇ ਹੋਵੇਗੀ ਤੇ ਅੰਤਿਮ ਅਰਦਾਸ ਮਿਤੀ 10 ਅਗਸਤ ਸੋਮਵਾਰ ਨੂੰ ਹੋਵੇਗੀ।
ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਆਜ਼ਾਦੀ ਘੁਲਾਟੀਏ ਸ. ਵਰਿਆਮ ਸਿੰਘ ਚੱਢਾ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ
**********
ਫੋਟੋ ਕੈਪਸ਼ਨ- ਆਜ਼ਾਦੀ ਘੁਲਾਟੀਏ ਸ੍ਰੀ ਵਰਿਆਮ ਸਿੰਘ ਚੱਢਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਫੁੱਲਾਂ ਦੀ ਰੀਥ ਰੱਖਕੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਸ੍ਰੀ ਕੇ.ਕੇ. ਮਲਹੋਤਰਾ।