ਪਟਿਆਲਾ – ਕੋਰੋਨਾ ਪੀੜਤਾਂ ਦੇ ਇਲਾਜ ਲਈ ਨਿਜੀ ਹਸਪਤਾਲਾਂ ‘ਚ ਵੀ ਕੀਤੇ ਪ੍ਰਬੰਧ -ਮ੍ਰਿਤਕ ਦੇਹਾਂ ਦੀ ਸੰਭਾਲ ਲਈ ਲੋੜੀਂਦੇ ਨਿਰਦੇਸ਼ ਜਾਰੀ-ਡਿਪਟੀ ਕਮਿਸ਼ਨਰ

-ਕੋਵਿਡ ਕਾਰਨ ਮੌਤ ਦਰ ਡੇਢ ਫੀਸਦੀ
-ਪਟਿਆਲਾ ‘ਚ ਕੋਵਿਡ ਟੈਸਟਾਂ ਦੀ ਦਰ ਵਧਾ ਕੇ 22 ਹਜ਼ਾਰ ਪ੍ਰਤੀ 10 ਲੱਖ ਕੀਤੀ
-ਡੀ.ਸੀ. ਕੁਮਾਰ ਅਮਿਤ ਹੋਏ ਫੇਸਬੁਕ ਲਾਈਵ ਰਾਹੀਂ ਲੋਕਾਂ ਦੇ ਰੂਬਰੂ

ਨਿਊਜ਼ ਪੰਜਾਬ

ਪਟਿਆਲਾ, 5 ਅਗਸਤ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਵਿਡ-19 ਪੀੜਤਾਂ ਦੇ ਇਲਾਜ ਲਈ ਨਿਜੀ ਹਸਪਤਾਲਾਂ ‘ਚ ਵੀ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ‘ਚ ਆਈ.ਐਮ.ਏ. ਦੇ ਸਹਿਯੋਗ ਨਾਲ ਨਾਰਾਇਣ ਹਸਪਤਾਲ, ਵਰਧਮਾਨ ਹਸਪਤਾਲ ਤੇ ਨੀਲਮ ਹਸਪਤਾਲ ਰਾਜਪੁਰਾ ਸ਼ਾਮਲ ਹਨ।
ਡਿਪਟੀ ਕਮਿਸ਼ਨਰ, ਅੱਜ ਸ਼ਾਮ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਵਿੱਢੀ ਜੰਗ, ‘ਮਿਸ਼ਨ ਫ਼ਤਿਹ’ ਤਹਿਤ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਪਟਿਆਲਾ ਦੇ ਫੇਸਬੁਕ ਪੇਜ ‘ਤੇ ਆਪਣੇ ਹਫ਼ਤਾਵਾਰੀ ਫੇਸਬੁਕ ਲਾਈਵ ਦੌਰਾਨ ਜ਼ਿਲ੍ਹਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਫੇਸਬੁਕ ਲਾਈਵ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਜਿੰਦਰਾ ਹਸਪਤਾਲ ‘ਚ ਸਾਹਮਣੇ ਆਈਆਂ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਕੋੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਕੋਵਿਡ ਮ੍ਰਿਤਕ ਦੇਹਾਂ ਦੀ ਸੰਭਾਲ ਲਈ ਵੀ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਂਜ ਪਟਿਆਲਾ ਜ਼ਿਲ੍ਹੇ ‘ਚ ਮੌਤ ਦਰ 1.5 ਫੀਸਦੀ ਹੈ ਅਤੇ ਕੋਵਿਡ ਪੀੜਤਾਂ ਦੇ ਸਿਹਤਯਾਬ ਹੋਣ ਦੀ ਦਰ ਜਿਆਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਕੋਵਿਡ ਟੈਸਟਾਂ ਦੀ ਦਰ ਵਧਾ ਕੇ ਪ੍ਰਤੀ 10 ਪਿੱਛੇ 22 ਹਜ਼ਾਰ ਤੋਂ ਵੀ ਵਧਾ ਦਿੱਤੀ ਗਈ ਹੈ।
ਸ਼ਿਵਾਨੀ ਸੂਦ ਤੇ ਜੇ.ਐਸ. ਸੋਹੀ ਵੱਲੋਂ ਕੀਤੇ ਅਵਾਰਾ ਪਸ਼ੂਆਂ ਦੇ ਸਵਾਲ ‘ਤੇ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਮੁੱਦੇ ‘ਤੇ ਨਗਰ ਨਿਗਮ ਅਤੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਹੋਈ ਹੈ ਅਤੇ ਇਸ ਦੇ ਹੱਲ ਲਈ ਯਤਨ ਜਾਰੀ ਹਨ। ਮਮਤਾ ਰਾਜ ਵੱਲੋਂ ਨਿਜੀ ਸਕੂਲਾਂ ਵੱਲੋਂ ਫੀਸਾਂ ਮੰਗਣ ਦੇ ਸਵਾਲ ‘ਤੇ ਡੀ.ਸੀ. ਨੇ ਕਿਹਾ ਕਿ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀਂ ਯੋਗ ਕਾਰਵਾਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਟੋਕਨ ਸਿਸਟਮ ਸਵਾਲਾਂ ਦੇ ਜਵਾਬ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਵਿਡ ਤੋਂ ਬਚਾਅ ਲਈ ਸੁਰੱਖਿਆ ਪ੍ਰੋਟੋਕਾਲ ਨਿਯਮਾਂ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਵੈ ਸੰਜਮ ਦਾ ਪਾਲਣ ਕਰਨ ਕਿਉਂਕਿ ਅਗਸਤ ਮਹੀਨਾ ਕਾਫ਼ੀ ਮਹੱਤਵਪੂਰਨ ਹੈ।
I/60129/2020