ਮਾਂ ਦੇ ਦੁੱਧ ਦੀ ਮਹੱਤਤਾ – ਬੱਚੇ ਲਈ ਮਾਂ ਦਾ ਦੁੱਧ ਸੰਪੂਰਨ ਖੁਰਾਕ ਹੁੰਦਾ ਹੈ ਅਤੇ ਇਸ ਨਾਲ ਬੱਚੇ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਮਾਂ ਦੇ ਦੁੱਧ ਦੀ ਮਹੱਤਤਾ ‘ਤੇ ਕਰਵਾਇਆ ਵੈਬੀਨਾਰ
ਨਿਊਜ਼ ਪੰਜਾਬ
ਪਟਿਆਲਾ, 5 ਅਗਸਤ: ਵਿਸ਼ਵ ਸਤਨਪਾਨ ਹਫ਼ਤੇ ਮੌਕੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਾਹਰਾਂ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਵਾਧੂ ਚਾਰਜ) ਗੁਰਮੀਤ ਸਿੰਘ ਦੀ ਅਗਵਾਈ ‘ਚ ਹੋਏ ਵੈਬੀਨਾਰ ਦੌਰਾਨ ਡਾਕਟਰ ਇੰਦਰਦੀਪ ਕੌਰ ਨੇ ਨਵਜੰਮੇ ਲਈ ਛੇ ਮਹੀਨੇ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਬੱਚੇ ਲਈ ਮਾਂ ਦਾ ਦੁੱਧ ਸੰਪੂਰਨ ਖੁਰਾਕ ਹੁੰਦਾ ਹੈ ਅਤੇ ਇਸ ਨਾਲ ਬੱਚੇ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਡਾ. ਠਾਕੁਰਵੀਰ ਸਿੰਘ ਨੇ ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਦੁੱਧ ਦੇ ਨਾਲ ਨਾਲ ਦਿੱਤੇ ਜਾਣ ਵਾਲੇ ਹੋਰ ਅਹਾਰ ਬਾਰੇ ਜਾਣਕਾਰੀ ਦਿੱਤੀ।
ਵੈਬੀਨਾਰ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮਾਂ ਦਾ ਦੁੱਧ ਨਵ-ਜੰਮੇ ਬੱਚੇ ਲਈ ਛੇ ਮਹੀਨੇ ਤੱਕ ਇਕ ਸੰਪੂਰਨ ਖੁਰਾਕ ਦਾ ਕੰਮ ਕਰਦਾ ਹੈ ਅਤੇ ਮਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਨਵ-ਜੰਮਿਆ ਬੱਚਾ ਇਸ ਤੋਂ ਕਿਸੇ ਵੀ ਹਾਲ ਵਿਚ ਵਾਂਝਾ ਨਾ ਰਹੇ ਅਤੇ ਨਾਲ ਹੀ ਉਨ੍ਹਾਂ ਨਵ-ਜੰਮੇ ਬੱਚੇ ਦੀ ਖੁਰਾਕ ਅਤੇ ਦੁੱਧ ਪਿਲਾਉਣ ਨਾਲ ਮਾਂ ਦੀ ਸਿਹਤ ਵਰਗੇ ਵਿਸ਼ਿਆਂ ਬਾਰੇ ਵੀ ਗੱਲਬਾਤ ਸਾਂਝੀ ਕੀਤੀ।
ਵੈਬੀਨਾਰ ‘ਚ ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼, ਸੁਪਰਵਾਈਜ਼ਰ, ਏ.ਐਨ.ਐਮਜ਼ ਅਤੇ ਆਂਗਨਵਾੜੀ ਵਰਕਰਾਂ ਨੇ ਸਮੂਲੀਅਤ ਕੀਤੀ ਅਤੇ ਮਾਹਰਾਂ ਵੱਲੋਂ ਉਨ੍ਹਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਵੀ ਕਿਹਾ ਗਿਆ।