ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ ਆਵਾਜ਼ ਚੁੱਕਣ ਤੇ ਕੇਸ ਦਰਜ ਕਰਨਾ ਜਾਇਜ਼ ਨਹੀਂ- ਮਹੇਸ਼ਇੰਦਰ ਸਿੰਘ ਗਰੇਵਾਲ
ਨਿਊਜ਼ ਪੰਜਾਬ
ਲੁਧਿਆਣਾ 2 ਜੁਲਾਈ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ ਆਵਾਜ਼ ਚੁੱਕਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਿਲਾਫ਼ ਕੇਸ ਦਰਜ ਕਰਨਾ ਸਰਕਾਰ ਅਤੇ ਪੁਲਿਸ ਦੀ ਧੱਕੇਸ਼ਾਹੀ ਹੈ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਆਉਣੇ ਸਾਥੀਆਂ ਨਾਲ ਮਿਲਕੇ ਸਮਾਜਿਕ ਦੂਰੀ ਬਣਾਕੇ ਹਸਪਤਾਲ ਖ਼ਿਲਾਫ ਪ੍ਰਦਸ਼ਨ ਕੀਤਾ ਸੀ। ਯੂਥ ਅਕਾਲੀ ਦਲ ਦੇ ਜੁਝਾਰੂ ਆਗੂਆਂ ਨੇ ਹਸਪਤਾਲਾਂ ਵਿੱਚ ਬੈੱਡ ਨਾ ਮਿਲਣਾ ਅਤੇ ਸਰਕਾਰ ਦੇ ਮਿਸ਼ਨ ਫਤਿਹ ਦੀ ਪੋਲ ਖੋਲੀ ਸੀ ਪਰ ਪੁਲਿਸ ਵਲੋਂ ਗੁਰਦੀਪ ਸਿੰਘ ਗੋਸ਼ਾ ਅਤੇ ਉਹਨਾਂ ਦੇ ਸਾਥੀਆਂ ਖ਼ਿਲਾਫ ਕੇਸ ਦਰਜ ਕਰ ਲਿਆ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਅਤੇ ਕੇਸ ਦਰਜ ਕਰ ਰਹੀ ਹੈ। ਪਿਛਲੇ ਦਿਨਾਂ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਵਲੋਂ ਵੱਡੇ ਇਕੱਠ ਕੀਤੇ ਗਏ ਪਰ ਉਹਨਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਹੋਈ।ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਆਪਣੀ ਪਾਰਟੀ ਦੇ ਵਰਕਰਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਪੁਲਿਸ ਵਲੋਂ ਦਰਜ ਕੀਤੇ ਕੇਸਾਂ ਤੋਂ ਡਰੇਗੀ ਨਹੀਂ।