ਪੰਜਾਬ ‘ਚ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨਾਲ ਸਖ਼ਤੀ – ਛਾਪੇਮਾਰੀ ਜਾਰੀ – ਕਈ ਅਧਿਕਾਰੀ ਮੁਅੱਤਲ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਜਾਂ ਨਾਜਾਇਜ਼ ਸ਼ਰਾਬ ਪੀਣ ਨਾਲ ਇਕ ਵੀ ਪੰਜਾਬੀ ਦੀ ਮੌਤ ਮੰਦਭਾਗੀ ਹੈ। ਉਨਾਂ ਕਿਹਾ,‘‘ਮੇਰੇ ਲਈ ਹਰੇਕ ਪੰਜਾਬੀ ਦੀ ਜ਼ਿੰਦਗੀ ਮਹੱਤਵਪੂਰਨ ਹੈ।’’

ਨਿਊਜ਼ ਪੰਜਾਬ

ਪਟਿਆਲਾ , 2 ਅਗਸਤ – ਪੰਜਾਬ ਵਿੱਚ ਨਜ਼ਾਇਜ਼ ਸ਼ਰਾਬ ਵਿਰੁੱਧ ਛਾਪੇਮਾਰੀ ਦੀ ਮੁਹਿੰਮ ਅੱਜ ਸ਼ਾਮ ਤੱਕ ਜਾਰੀ ਸੀ | ਪੰਜਾਬ ਵਿੱਚ ਕਈ ਥਾਵਾਂ ਤੇ ਲਾਹਣ ਦੇ ਡਰੱਮ ਵਡੀ ਮਾਤਰਾ ਵਿੱਚ ਬਰਾਮਦ ਹੋਏ ਹਨ | ਪੰਜਾਬ ਦੇ ਮੁੱਖ ਮੰਤਰੀ ਵਲੋਂ ਸਖਤੀ ਕਰਦਿਆਂ ਕਈ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਹੋਰਾਂ ਨੂੰ ਤਾੜਨਾ ਕੀਤੀ ਹੈ I

newspunjab.netਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਅਧਿਕਾਰੀ (ਈ.ਟੀ.ਓਜ਼) ਦੀ ਮੁਅੱਤਲੀ ਦਾ ਐਲਾਨ ਕੀਤਾ ਜਿਨਾਂ ਵਿੱਚ ਗੁਰਦਾਸਪੁਰ ਤੋਂ ਲਵਜਿੰਦਰ ਬਰਾੜ, ਅੰਮਿ੍ਰਤਸਰ ਤੋਂ ਬੀ.ਐਸ. ਚਾਹਲ ਅਤੇ ਤਰਨ ਤਾਰਨ ਤੋਂ ਮਧੁਰ ਭਾਟੀਆ ਸ਼ਾਮਲ ਹਨ। ਇਸੇ ਤਰਾਂ ਆਬਕਾਰੀ ਤੇ ਕਰ ਇੰਸਪੈਕਟਰਾਂ ਜਿਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਵਿੱਚ ਰਵੀ ਕੁਮਾਰ (ਗੁਰਦਾਸਪੁਰ), ਗੁਰਦੀਪ ਸਿੰਘ (ਅੰਮਿ੍ਰਤਸਰ) ਅਤੇ ਫਤਹਿਬਾਦ ਤੋਂ ਪੁਖਰਾਜ ਅਤੇ ਤਰਨ ਤਾਰਨ ਜ਼ਿਲੇ ਵਿੱਚ ਤਰਨ ਤਾਰਨ ਸਿਟੀ ਤੋਂ ਹਿਤੇਸ਼ ਪ੍ਰਭਾਕਰ ਸ਼ਾਮਲ ਹਨ।ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ਾਂ ਹੇਠ ਮੁਅੱਤਲ ਕੀਤੇ ਪੁਲੀਸ ਅਧਿਕਾਰੀਆਂ ਵਿੱਚ ਡੀ.ਐਸ.ਪੀ. ਜੰਡਿਆਲਾ (ਅੰਮਿ੍ਰਤਸਰ ਦਿਹਾਤੀ) ਤੇ ਡੀ.ਐਸ.ਪੀ. ਸਬ-ਡਵੀਜ਼ਨ ਤਰਨ ਤਾਰਨ ਤੋਂ ਇਲਾਵਾ ਥਾਣਾ ਤਰਸਿੱਕਾ (ਅੰਮਿ੍ਰਤਸਰ ਦਿਹਾਤੀ), ਸਿਟੀ ਬਟਾਲਾ (ਬਟਾਲਾ ਪੁਲੀਸ ਜ਼ਿਲਾ), ਥਾਣਾ ਸਦਰ ਤਰਨ ਤਾਰਨ ਅਤੇ ਥਾਣਾ ਸਿਟੀ ਤਰਨ ਤਾਰਨ ਦੇ ਐਸ.ਐਚ.ਓਜ਼ ਸ਼ਾਮਲ ਹਨ।

ਪਟਿਆਲਾ ਪੁਲਿਸ ਵੱਲੋਂ ਦੂਜੇ ਦਿਨ ਵੀ ਵੱਡੇ ਪੱਧਰ ‘ਤੇ ਛਾਪੇਮਾਰੀ
ਛਾਪੇਮਾਰੀ ਉਪਰੇਸ਼ਨ ਦੀ ਖ਼ੁਦ ਨਿਗਰਾਨੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ
ਦੇਵੀਗੜ੍ਹ, ਸਮਾਣਾ, ਪਾਤੜਾਂ, ਰਾਜਪੁਰਾ, ਪਟਿਆਲਾ, 2 ਅਗਸਤ:( ਨਿਊਜ਼ ਪੰਜਾਬ ) ਪਟਿਆਲਾ ਪੁਲਿਸ ਨੇ ਅੱਜ ਦੂਜੇ ਦਿਨ ਵੀ ਜ਼ਿਲ੍ਹੇ ਅੰਦਰ ਵੱਡੀ ਪੱਧਰ ‘ਤੇ ਛਾਪਮਾਰੀ ਕਰਦਿਆਂ ਨਜ਼ਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਬੇਪਰਦ ਕੀਤਾ ਹੈ। ਇਸ ਛਾਪੇਮਾਰੀ ਉਪਰੇਸ਼ਨ ਦੀ ਖ਼ੁਦ ਨਿਗਰਾਨੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਦੋ ਦਿਨਾਂ ‘ਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 31 ਮੁਕੱਦਮੇ ਦਰਜ ਕਰਕੇ 4 ਚਾਲੂ ਭੱਠੀਆਂ ਫੜੀਆਂ, 7420 ਲਿਟਰ ਤੋਂ ਵਧੇਰੇ ਲਾਹਣ, 1212 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਜਾਅਲੀ ਸ਼ਰਾਬ ਨਾ ਖਰੀਦਣ ਸਗੋਂ ਅਜਿਹਾ ਧੰਦਾ ਕਰਨ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਦੇਣ ਤਾਂ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ।
ਸ੍ਰੀ ਦੁੱਗਲ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਵੱਲੋਂ ਅੱਜ ਵੱਖ-ਵੱਖ ਥਾਈਂ ਕੀਤੀ ਇਸ ਛਾਪੇਮਾਰੀ ਦੀ ਅਗਵਾਈ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਨੇ ਕੀਤੀ। ਇਸ ਦੌਰਾਨ ਥਾਣਾ ਜੁਲਕਾਂ ਦੇ ਪਿੰਡ ਹਾਜੀਪੁਰ ਤੋਂ ਚਾਲੂ ਭੱਠੀਆਂ ਫੜਕੇ 2600 ਲਿਟਰ ਲਾਹਣ ਸਮੇਤ ਬੋਤਲਾਂ 25 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਸ਼ੀਸ਼ਾ ਮਸੀਹ, ਰੰਗਾ ਮਸੀਹ ਅਤੇ ਭਿੰਦਰ ਨੂੰ ਗ੍ਰਿਫ਼ਤਾਰ ਕੀਤਾ। ਜਦੋਂਕਿ ਮਰੌੜੀ ਤੋਂ 3000 ਲਿਟਰ ਤੋਂ ਉਪਰ ਲਾਹਣ ਬਰਾਮਦ ਕੀਤੀ ਗਈ ਹੈ। ਰਾਜਪੁਰਾ ਨੇੜੇ ਮਨਜੀਤ ਢਾਬੇ ਦੇ ਪਿਛਲੇ ਪਾਸੇ 600 ਲਿਟਰ ਕਾਸਟਿਕ ਸੋਡਾ ਵੀ ਬਰਾਮਦ ਕਰਕੇ ਕਾਰਵਾਈ ਕੀਤੀ ਗਈ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ 1 ਅਗਸਤ ਨੂੰ ਥਾਣਾ ਘੱਗਾ ਪੁਲਿਸ ਨੇ ਪਿੰਡ ਡਰੌਲੀ ਦੇ ਪਰਕਾਸ਼ ਰਾਮ ਤੋਂ 120 ਲਿਟਰ ਲਾਹਣ, ਇੱਥੋਂ ਦੀ ਹੀ ਕਵਿਤਾ ਦੇਵੀ ਪਤਨੀ ਸੁਰਜਨ ਰਾਮ ਤੋਂ 65 ਲਿਟਰ ਲਾਹਣ, ਥਾਣਾ ਸਮਾਣਾ ਪੁਲਿਸ ਨੇ ਅਚਰਾਲ ਖੁਰਦ ਦੇ ਵਾਸੀਆਂ ਜਸਵਿੰਦਰ ਕੌਰ ਪਤਨੀ ਚਰਨਾ ਸਿੰਘ ਤੋਂ 70 ਲਿਟਰ, ਸੋਹਨ ਸਿੰਘ ਤੋਂ 150 ਲਿਟਰ ਤੇ ਭੋਲਾ ਸਿੰਘ ਤੋਂ 70 ਲਿਟਰ ਲਾਹਣ, ਮੱਖਣ ਸਿੰਘ ਤੋਂ 120 ਲਿਟਰ ਲਾਹਣ, ਮੇਲੋ ਪਤਨੀ ਸੁੱਖਾ ਸਿੰਘ ਤੋਂ 100 ਲਿਟਰ ਲਾਹਣ ਤੇ 15 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਪਿੰਡ ਮਰੌੜੀ ਦੇ ਚੰਨਾ ਸਿੰਘ ਤੋਂ 35 ਬੋਤਲਾਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਹੋਈ ਸੀ। ਇਸ ਤੋਂ ਇਲਾਵਾ ਢਾਬਿਆਂ, ਹੋਟਲਾਂ, ਮੈਰਿਜ ਪੈਲੇਸਾਂ, ਪਿੰਡ ਬਘੌਰਾ ਆਦਿ ਸਮੇਤ ਹੋਰਨਾਂ ਥਾਵਾਂ ਤੋਂ ਵੀ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਸੀ।
ਇਸੇ ਤਰ੍ਹਾਂ ਥਾਣਾ ਸਮਾਣਾ ਪੁਲਿਸ ਨੇ ਇੱਕ ਅਣਪਛਾਤੇ ਦੀ ਕਾਰ ਨੰਬਰ ਪੀ.ਬੀ. 11 ਏਡੀ 4109 ‘ਚੋਂ 300 ਬੋਤਲਾਂ ਹਰਿਆਣਾ ਤੋਂ ਲਿਆਂਦੀ ਨਾਜਾਇਜ਼ ਸ਼ਰਾਬ, ਥਾਣਾ ਕੋਤਵਾਲੀ ਪਟਿਆਲਾ ਪੁਲਿਸ ਨੇ ਮਨਜਿੰਦਰ ਸਿੰਘ ਵਾਸੀ ਭਾਂਖਰ ਤੇ ਮਿੱਠੂ ਵਾਸੀ ਭੱਠਲਾਂ ਤੋਂ 300 ਬੋਤਲਾਂ ਹਰਿਆਣਾ ਤੋਂ ਲਿਆਂਦੀ ਨਾਜਾਇਜ਼ ਸ਼ਰਾਬ, ਰਾਜੇਸ਼ ਕੁਮਾਰ ਸ਼ਰਮਾ ਵਾਸੀ ਮਹਿੰਦਰਾ ਕਲੋਨੀ ਪਟਿਆਲਾ ਤੋਂ 9 ਬੋਤਲਾਂ ਹਰਿਆਣਾਂ ਦੀ ਸ਼ਰਾਬ ਅਤੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਸਤਨਾਮ ਸਿੰਘ ਵਾਸੀ ਸ਼ਾਂਤੀ ਨਗਰ ਨੂੰ 80 ਬੋਤਲਾਂ ਹਰਿਆਣਾ ਦੀ ਸ਼ਰਾਬ ਸਮੇਤ ਕਾਬੂ ਕੀਤਾ ਸੀ।
ਇਸ ਛਾਪੇਮਾਰੀ ਮੌਕੇ ਡੀ.ਐਸ.ਪੀ. ਜਾਂਚ ਸ੍ਰੀ ਕੇ.ਕੇ. ਪਾਂਥੇ, ਡੀ.ਐਸ.ਪੀ. ਪਾਤੜਾਂ ਭਰਪੂਰ ਸਿੰਘ ਤੇ ਡੀ.ਐਸ.ਪੀ. ਸਮਾਣਾ ਜਸਵੰਤ ਸਿੰਘ ਸਮੇਤ ਸਬੰਧਤ ਥਾਣਿਆਂ ਅਤੇ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਵੀ ਸ਼ਾਮਲ ਸਨ ਅਤੇ ਇਹ ਛਾਪੇਮਾਰੀ ਦੇਰ ਸ਼ਾਮ ਤੱਕ ਜਾਰੀ ਰਹੀ।