ਪਾਵਰਕਾਮ – 2 ਰੁਪਏ ਯੂਨਿਟ ਵਧਾਉਣ ਦੇ ਝਟਕੇ ਸਿਰਫ ਸਨਅਤਕਾਰਾਂ ਨੂੰ ਹੀ ਨਹੀਂ ਦੁਕਾਨਦਾਰਾਂ ਨੂੰ ਵੀ ਦਿਤੇ ਨੇ – ਉਦਯੋਗਪਤੀਆਂ ਨੇ ਕਿਹਾ ਮੁੱਖ ਮੰਤਰੀ ਨੂੰ ਕਰਾਂਗੇ ਸ਼ਕਾਇਤ – ਅਧਿਕਾਰੀ ਨੇ ਕੀਤਾ ਸਪਸ਼ਟ ਸਮਾਲ ਪਾਵਰ ਨੂੰ ਨਹੀਂ ਛੇੜਿਆ – ਉਦਯੋਗਿਕ ਆਗੂ ਅਹੂਜਾ , ਠੁਕਰਾਲ ਅਤੇ ਸੱਚਦੇਵਾ ਨੇ ਕੀਤਾ ਵਿਰੋਧ

ਨਿਊਜ਼ ਪੰਜਾਬ

ਲੁਧਿਆਣਾ ,29 ਜੁਲਾਈ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਨਅਤਕਾਰਾਂ ਨੂੰ ਝਟਕੇ ਦੇਣ ਦੀ ਖਬਰ ਬਾਰੇ ਸਪਸ਼ਟ ਕਰਦਿਆਂ ਇੱਕ ਉੱਚ ਅਧਿਕਾਰੀ ਨੇ ‘ ਨਿਊਜ਼ ਪੰਜਾਬ ‘ ਨਾਲ ਗੱਲ ਕਰਦਿਆਂ ਕਿਹਾ ਕਿ ਵਧਾਏ ਰੇਟ ਸਾਰੇ ਉਦਯੋਗਿਕ ਖਪਤਕਾਰਾਂ ਲਈ ਨਹੀਂ ਹਨ , ਉਨ੍ਹਾਂ ਕਿਹਾ ਕਿ ਸਮਾਲ ਪਾਵਰ ( 20 ਕਿਲੋਵਾਟ ਤੱਕ ) ਦੇ ਕੁਨੈਕਸ਼ਨਾਂ ਤੇ ਇੱਹ ਆਰਡਰ ਲਾਗੂ ਨਹੀਂ ਕੀਤੇ ਗਏ ਉਨ੍ਹਾਂ ਨੂੰ ਪੁਰਾਣੇ ਰੇਟ ਤੇ ਹੀ ਬਿੱਲ ਆਉਣਗੇ |

            ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚ੍ਰਰਜ਼ ਐਸੋਸੀਏਸ਼ਨ ( ਰਜਿ ) ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਬਿਜਲੀ ਨਿਗਮ ਦੇ ਇਸ ਕਾਰਨਾਮੇ ਨੂੰ ਉਦਯੋਗ ਨਾਲ ਵੱਡਾ ਧ੍ਰੋਹ ਕਰਾਰ ਦਿੱਤਾ ਸੀ Iਠੁਕਰਾਲ ਨੇ ਕਿਹਾ ਕਿ ਉਹ ਜਲਦੀ ਹੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਜਾ ਰਹੇ ਹਨ ਅਤੇ ਇਸ ਕਦਮ ਦਾ ਡੱਟ ਕੇ ਵਿਰੋਧ ਕਰਾਂਗੇ |

          ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਐਸ਼ਨ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸੱਚਦੇਵਾ , ਗੁਰਚਰਨ ਸਿੰਘ ਜੈਮਕੋ , ਅੱਛਰੂ ਰਾਮ ਗੁੱਪਤਾ , ਰਾਜਿੰਦਰ ਸਿੰਘ ਸਰਹਾਲੀ , ਸਤਨਾਮ ਸਿੰਘ ਮੱਕੜ ਅਤੇ ਵਲੈਤੀ ਰਾਮ ਦੁਰਗਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪਾਵਰ ਕਾਰਪੋਰੇਸ਼ਨ ਪੰਜਾਬ ਵਿੱਚ ਉਦਯੋਗ ਬੰਦ ਕਰਵਾਉਣਾ ਚਹੁੰਦਾ ਹੈ , ਕੰਮ ਤਾਂ ਪਹਿਲਾ ਹੀ ਅੱਧੀ ਲੇਬਰ ਨਾਲ ਕੀਤੇ ਜਾ ਰਹੇ ਹਨ , ਸ਼ਾਮ ਨੂੰ 2 – 4 ਘੰਟੇ ਓਵਰ ਟਾਈਮ ਲਾ ਕੇ ਗੁਜ਼ਾਰਾ ਕਰ ਰਹੇ ਉਦਯੋਗ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ

 

ਚੈਂਬਰ ਆਫ ਇੰਡਸ੍ਟ੍ਰਿਯਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ       ਪ੍ਰਧਾਨ ਸ੍ਰ.ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਚੈਂਬਰ ਇੱਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਕੇ ਇਸ ਆਰਡਰ ਨੂੰ ਰੱਦ ਕਰਨ ਲਈ ਕਹੇਗਾ |

ਪਾਵਰ ਕਾਰਪੋਰੇਸ਼ਨ ਕਰਫਿਊ ਅਤੇ ਲਾਕ – ਡਾਊਨ ਦੇ ਸਮੇ ਤੋਂ ਹੀ ਬਿਜਲੀ ਦੇ ਬਿੱਲ ਫਿਕਸ ਚਾਰਜਿਜ਼ ਦੀ ਥਾਂ ਵਰਤੀ ਬਿਜਲੀ ਦੇ ਹਿਸਾਬ ਨਾਲ ਸਿਰਫ ਪ੍ਰਤੀ ਯੂਨਿਟ ਹੀ ਬਿੱਲ ਲਏ ਜਾਣ ਦੇ ਵਾਅਦੇ ਤੋਂ ਮੁਕਰਨ ਤੋਂ ਬਾਅਦ ਕਈ ਹੋਰ ਮਾਮਲਿਆਂ ਵਿਚ ਵੀ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਹੈ | ਹੁਣ ਚੁੱਪ – ਚਪੀਤੇ ਲੰਘੀ ਇੱਕ ਜੂਨ ਤੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਬਿਜਲੀ ਦੀ ਵਰਤੋਂ ਕਰਨ ਲਈ ਪ੍ਰਤੀ ਯੂਨਿਟ 2 ਰੁਪਏ ਵਾਧੂ ਦੇਣ ਦੇ ਆਰਡਰ ਜਾਰੀ ਕਰ ਦਿੱਤੇ | ਬਿਜਲੀ ਨਿਗਮ ਨੇ ਇਥੇ ਹੀ ਬੱਸ ਨਹੀਂ ਕੀਤੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਉਦਯੋਗ ਚਲਾਉਣ ਤੇ ਵਰਤੀ ਬਿਜਲੀ ਉਪਰ 1 .25 ਰੁਪਏ ਪ੍ਰਤੀ ਯੂਨਿਟ ਦਿਤੀ ਜਾਂਦੀ ਰਿਆਇਤ ਵੀ ਵਾਪਸ ਲੈ ਲਈ ਹੈ I ਇੱਹ ਆਰਡਰ 1 ਜੂਨ 2020 ਤੋਂ 30 ਸਤੰਬਰ 2020 ਤੱਕ ਲਾਗੂ ਰਹਿਣਗੇ I ਨਿਗਮ ਨੇ 1 ਅਕਤੂਬਰ ਤੋਂ 31 ਮਾਰਚ 2021 ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਵਰਤੀ ਬਿਜਲੀ ਤੇ 1 ਰੁਪਏ 25 ਪੈਸੇ ਪ੍ਰਤੀ ਯੂਨਿਟ ਫੇਰ ਰਿਆਇਤ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਰਤੀ ਬਿਜਲੀ ਤੇ ਲਾਏ ਵਾਧੂ 2 ਰੂਪਵੇ ਪਰੀ ਯੂਨਿਟ ਨਹੀਂ ਵਸੂਲੇ ਜਾਣਗੇ I

ਨਿਗਮ ਦੇ ਅਧਿਕਾਰੀ ਨੇ ਆਪਣਾ ਨਾਮ ਛਾਪਣ ਤੋਂ ਰੋਕਦਿਆਂ ਕਿਹਾ ਕਿ ਇੱਹ ਵਾਧਾ ਸਿਰਫ ਉਦਯੋਗ ਤੇ ਹੀ ਨਹੀਂ ਸਗੋਂ 100 ਕਿਲੋਵਾਟ ਤੋਂ ਵੱਧ ਪਾਵਰ ਵਰਤਣ ਵਾਲੇ ਗੈਰ ਰਿਹਾਇਸ਼ੀ ਖਪਤਕਾਰਾਂ ਜਿਨ੍ਹਾਂ ਵਿੱਚ ਸ਼ੋਪਿੰਗ ਮਾਲਜ਼ ,ਵੱਡੇ ਸ਼ੋਅ ਰੂਮ , ਵੱਡੀਆਂ ਕਲੋਨੀਆਂ,ਪੇਂਡੂ ਪਾਣੀ ਦੀ ਸਪਲਾਈ ਸਕੀਮਾਂ ਅਤੇ ਖਾਦ/ਸਾਲਿਡ ਵੇਸਟ ਪਲਾਂਟ ਅਤੇ ਈ ਵੀ ਚਾਰਜਿੰਗ ਸਟੇਸ਼ਨਾ ਤੋਂ ਬਿਨਾ ਬਲਕ ਸਪਲਾਈ ਲੈਣ ਵਾਲੇ ਖਪਤਕਾਰ ਵੀ ਸ਼ਾਮਲ ਹਨ |