ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ
ਨਿਊਜ਼ ਪੰਜਾਬ
ਪਟਿਆਲਾ 29 ਜੁਲਾਈ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਦੇ ਸ਼ਬਦ ਗਾਇਨ ਮੁਕਾਬਲੇ ‘ਚੋਂ ਐਲੀਮੈਂਟਰੀ ਵਰਗ ‘ਚ ਜ਼ਿਲ੍ਹਾ ਪੱਧਰ ਦੇ ਜੇਤੂ ਵਿਦਿਆਰਥੀਆਂ ਦਾ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਐਲੀਮੈਂਟਰੀ ਵਰਗ ਦੀ ਜੇਤੂ ਸੁਨੀਤਾ ਸਰਕਾਰੀ ਐਲੀਮੈਂਟਰੀ ਸਕੂਲ ਪਹਿਰ ਖੁਰਦ ਤੇ ਉਪ ਜੇਤੂ ਜੈਸਮੀਨ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਖਾਕਟਾਂ ਕਲਾ ਦਾ ਇੱਥੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਦੀਆਂ ਅਧਿਆਪਕਾਵਾਂ ਹਰਪ੍ਰੀਤ ਕੌਰ ਪਹਿਰ ਤੇ ਅਮਨਦੀਪ ਕੌਰ ਖਾਕਟਾਂ ਨੇ ਦੋਨੋਂ ਬੱਚੀਆਂ ਨੂੰ ਨਕਦ ਇਨਾਮ ਵੀ ਦਿੱਤਾ।
ਇਸ ਮੌਕੇ ਡੀ.ਈ.ਓ. ਅਮਰਜੀਤ ਸਿੰਘ ਨੇ ਦੋਨੋਂ ਵਿਦਿਆਰਥਣਾਂ ਦੀਆਂ ਅਧਿਆਪਕਾਵਾਂ, ਮਾਪਿਆਂ ਅਮਨਦੀਪ ਕੌਰ ਤੇ ਰੁਸਤਮ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਦੋਨੋਂ ਬੱਚੀਆਂ ਨੂੰ ਰਾਜ ਪੱਧਰੀ ਮੁਕਾਬਲੇ ‘ਚ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨ ਲਈ ਸ਼ੁਭਕਾਮਾਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਦੇ 1400 ਤੋਂ ਵਧੇਰੇ ਬੱਚਿਆਂ ਨੂੰ ਪਛਾੜਕੇ, ਪਹਿਲਾ-ਦੂਸਰਾ ਸਥਾਨ ਹਾਸਿਲ ਕਰਨਾ ਵੱਡੀ ਪ੍ਰਾਪਤੀ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਮਧੂ ਬਰੂਆ. ਬੀ.ਪੀ.ਈ.ਓ. ਮਨੋਜ ਕੁਮਾਰ, ਨੀਰੂ ਬਾਲਾ, ਜ਼ਿਲ੍ਹਾ ਨੋਡਲ ਅਫ਼ਸਰ ਗੋਪਾਲ ਕ੍ਰਿਸ਼ਨ, ਨਰਿੰਦਰ ਸਿੰਘ ਤੇਜਾ, ਜ਼ਿਲ੍ਹਾ ਮੀਡੀਆ ਕੋਅਰਾਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਦੀਪਕ ਵਰਮਾ ਵੀ ਬੱਚਿਆਂ ਨੂੰ ਮੁਬਾਰਕਬਾਦ ਦੇਣ ਲਈ ਪੁੱਜੇ।
================
ਤਸਵੀਰ:- ਡੀ.ਈ.ਓ. (ਐਲੀ.) ਇੰਜ. ਅਮਰਜੀਤ ਸਿੰਘ ਸ਼ਬਦ ਗਾਇਨ ਮੁਕਾਬਲਿਆਂ ਦੀਆਂ ਜ਼ਿਲ੍ਹਾ ਪੱਧਰ ‘ਤੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਨਾਲ ਹਨ ਵਿਭਾਗ ਦੇ ਅਧਿਕਾਰੀ, ਅਧਿਆਪਕ ਤੇ ਮਾਪੇ।