ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਬਾਸਕਟਬਾਲ ਅਕੈਡਮੀ ਖਿਡਾਰੀ ਪ੍ਰਿੰਸਪਾਲ ਸਿੰਘ ਨੂੰ ਐਨ.ਬੀ.ਏ. ‘ਚ ਚੁਣੇ ਜਾਣ ਲਈ ਦਿੱਤੀ ਵਧਾਈ
ਨਿਊਜ਼ ਪੰਜਾਬ
ਲੁਧਿਆਣਾ, 29 ਜੁਲਾਈ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਲੁਧਿਆਣਾ ਬਾਸਕਿਟਬਾਲ ਅਕੈਡਮੀ ਦੇ ਇੱਕ ਖਿਡਾਰੀ ਪ੍ਰਿੰਸਪਾਲ ਸਿੰਘ ਨੂੰ ਐਨ.ਬੀ.ਏ ਵਿੱਚ ਚੁਣੇ ਜਾਣ ਲਈ ਵਧਾਈ ਦਿੱਤੀ। ਲੁਧਿਆਣਾ ਬਾਸਕਿਟਬਾਲ ਐਸੋਸੀਏਸ਼ਨ (ਐਲ.ਬੀ.ਏ.) ਪੰਜਾਬ ਬਾਸਕਿਟਬਾਲ ਐਸੋਸੀਏਸ਼ਨ (ਪੀ.ਬੀ.ਏ.) ਅਤੇ ਬਾਸਕੇਟਬਾਲ ਫੈਡਰੇਸ਼ਨ ਆਫ ਇੰਡੀਅਨ (ਬੀ.ਐਫ.ਆਈ.) ਦੀ ਸਰਪ੍ਰਸਤੀ ਅਧੀਨ ਚਲਾਈ ਜਾ ਰਹੀ ਹੈ।
ਸ੍ਰੀ ਪ੍ਰਿੰਸਪਾਲ ਸਿੰਘ ਐਲ.ਬੀ.ਏ. ਵਿਖੇ ਖੇਡ ਕੇ ਇੱਕ ਵਧੀਆ ਖਿਡਾਰੀ ਵਜੋਂ ਤਿਆਰ ਹੋਏ ਅਤੇ ਉਸ ਨੇ ਐਨ.ਬੀ.ਏ. ਦੀ ਡੀ ਲੀਗ ਵਿਚ ਖੇਡਣ ਲਈ ਜਗ੍ਹਾ ਬਣਾਈ ਹੈ। ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨਬੀਏ) ਇੱਕ ਪ੍ਰਮੁੱਖ ਅਮਰੀਕੀ ਮਰਦਾਂ ਦੀ ਪੇਸ਼ੇਵਰ ਬਾਸਕਟਬਾਲ ਲੀਗ ਹੈ ਜਿਸਦੀ ਸਥਾਪਨਾ 1946 ਵਿੱਚ ਕੀਤੀ ਗਈ ਸੀ। ਐਨ.ਬੀ.ਏ. ਖਿਡਾਰੀ ਦੀ ਸਲਾਨਾ ਤਨਖਾਹ ਦੁਨੀਆ ਦੀ ਸਭ ਤੋਂ ਵਧੀਆ ਅਥਲੀਟਾਂ ਦੇ ਬਰਾਬਰ ਹੈ।
ਸ੍ਰੀ ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਰਬੋਤਮ ਖੇਡ ਵਾਤਾਵਰਣ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੱਸਿਆ ਕਿ ਪ੍ਰਿੰਸਪਾਲ ਸਿੰਘ ਐਲ.ਬੀ.ਏ. ਵਿੱਚੋਂ ਚੌਥਾ ਅਜਿਹਾ ਖਿਡਾਰੀ ਹੈ ਜਿਸ ਨੂੰ ਐਨ.ਬੀ.ਏ. ਵਿੱਚ ਜਗ੍ਹਾ ਮਿਲੀ ਹੈ। ਇਸ ਅਕੈਡਮੀ ਵਿੱਚੋਂ ਚੁਣੇ ਗਏ ਹੋਰ ਖਿਡਾਰੀ ਸਤਨਾਮ ਸਿੰਘ ਭਮਰਾ, ਪਲਪ੍ਰੀਤ ਸਿੰਘ ਬਰਾੜ ਅਤੇ ਅਮਿਜੋਤ ਸਿੰਘ ਗਿੱਲ ਹਨ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਐਲ.ਬੀ.ਏ. ਦੇ ਚਾਰ ਖਿਡਾਰੀਆਂ ਨੂੰ ਐਨ.ਬੀ.ਏ. ਲਈ ਚੁਣਿਆ ਗਿਆ ਹੈ।
ਪੰਜਾਬ ਬਾਸਕਟਬਾਲ ਅਕੈਡਮੀ ਦੇ ਜਨਰਲ ਸੱਕਤਰ ਸ੍ਰੀ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਿੰਸਪਾਲ ਸਿੰਘ, ਇੱਕ 6 ਫੁੱਟ 10 ਇੰਚ ਲੰਬੇ ਫਾਰਵਰਡ ਖਿਡਾਰੀ ਨੂੰ ਅਗਲੇ ਸੀਜ਼ਨ ਵਿੱਚ ਐਨ.ਬੀ.ਏ. ਜੀ ਲੀਗ ਵਿੱਚ ਖੇਡਣ ਲਈ ਦਸਤਖਤ ਕੀਤੇ ਗਏ ਹਨ।