‘ਟ੍ਰੀ ਫ਼ਾਰ ਗੰਨ’ – ਅਸਲੇ ਦਾ ਲਾਇਸੈਂਸ ਨਵਾਂ ਬਣਾਉਣ ਜਾ ਨਵਿਆਉਣ ਲਈ ਬਿਨੈਕਾਰ ਲਈ ਅਰਜ਼ੀ ਨਾਲ ਰੁੱਖ ਲਗਾਉਂਦਿਆ ਦੀ ਸੈਲਫੀ ਲਗਾਉਣੀ ਜ਼ਰੂਰੀ
ਲੋਕ ਸਭਾ ਮੈਂਬਰ ਪਰਨੀਤ ਕੌਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਪਟਿਆਲਵੀ ਨੂੰ ਅੱਗੇ ਆਉਣ ਦੀ ਅਪੀਲ
ਅਸਲੇ ਦਾ ਲਾਇਸੈਂਸ ਨਵਾਂ ਬਣਾਉਣ ਜਾ ਨਵਿਆਉਣ ਲਈ ਬਿਨੈਕਾਰ ਲਈ ਅਰਜ਼ੀ ਨਾਲ ਰੁੱਖ ਲਗਾਉਂਦਿਆ ਦੀ ਸੈਲਫੀ ਲਗਾਉਣੀ ਜ਼ਰੂਰੀ
‘ਟ੍ਰੀ ਫ਼ਾਰ ਗੰਨ’ ਮੁਹਿੰਮ ਦੀ ਕੀਤੀ ਸ਼ੁਰੂਆਤ ਨਵੇਂ ਲਾਇਸੈਂਸ ਲਈ 10 ਅਤੇ ਨਵਿਆਉਣ ਲਈ ਲਗਾਉਣੇ ਪੈਣਗੇ 5 ਰੁੱਖ : ਕਮਿਸ਼ਨਰ ਪਟਿਆਲਾ ਚੰਦਰ ਗੈਂਦ
ਪੁਲਿਸ ਵੈਰੀਫਿਕੇਸ਼ਨ/ਡੋਪ ਟੈਸਟ ਮਹੀਨੇ ਬਾਅਦ ਬੂਟਿਆਂ ਨਾਲ ਦੁਬਾਰਾ ਸੈਲਫ਼ੀ ਤੋਂ ਬਾਅਦ ਕਰਵਾਇਆ ਜਾਵੇਗਾ
ਨਿਊਜ਼ ਪੰਜਾਬ
ਪਟਿਆਲਾ, 29 ਜੁਲਾਈ: ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ ਅਤੇ ਜੰਗਲਾਂ ਹੇਠ ਘਟਦੇ ਰਕਬੇ ਖ਼ਿਲਾਫ਼ ਪਟਿਆਲਾ ਵਾਸੀਆਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ੍ਰੀ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇੱਕ ਦਿਲਚਸਪ ਅਤੇ ਚੰਗੀ ਪਹਿਲ ਕੀਤੀ ਹੈ।
ਇਸ ਮੁਹਿੰਮ ਨੂੰ ‘ਟ੍ਰੀਜ਼ ਫ਼ਾਰ ਗੰਨ’ ਦਾ ਨਾਮ ਦਿੰਦਿਆ ਕਮਿਸ਼ਨਰ ਸ੍ਰੀ ਗੈਂਦ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪਾਸੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੁਹਿੰਮ ਦਾ ਅਗਾਜ਼ ਕਰਵਾਉਂਦੇ ਹੋਏ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਰੁੱਖਾਂ ਨੂੰ ਪਾਲਣ ਲਈ ਪਾਬੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣ ਜਾ ਫੇਰ ਪੁਰਾਣੇ ਲਾਇਸੈਂਸ ਨੂੰ ਨਵਿਆਉਣ ਚਾਹੁੰਦਾ ਹੈ ਤਾਂ ਉਸ ਲਈ ਕ੍ਰਮਵਾਰ 10 ਅਤੇ 5 ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਉਸਨੂੰ ਲਾਇਸੈਂਸ ਦੀ ਫਾਈਲ ਜਮਾਂ ਕਰਵਾਉਣ ਸਮੇਂ ਰੁੱਖ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ। ਇਕ ਮਹੀਨੇ ਬਾਅਦ ਜਦ ਦਰਖਾਸਤ ਪੁਲਿਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਰੁੱਖ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਅਸਲਾ ਲੈਣ ਦੇ ਚਾਹਵਾਨਾਂ ਲਈ ਰੁੱਖ ਲਗਾਉਣੇ ਲਾਜ਼ਮੀ ਹੋਣਗੇ ਉਥੇ ਹੀ ਆਪਣੇ ਆਪ ਰੁੱਖ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਜੰਗਲਾਂ ਹੇਠ ਰਕਬਾ ਵਧੇਗਾ।
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਇਸ ਵਿਚਾਰ ਦੀ ਸ਼ਲਾਘਾ ਕਰਦਿਆ ਹੋਰਨਾਂ ਨੂੰ ਵੀ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਡਵੀਜ਼ਨਲ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹ ਇਸ ਮੁਹਿੰਮ ਨੂੰ ਅੱਗੇ ਲੈਕੇ ਜਾਣਗੇ ਅਤੇ ਆਉਣ ਵਾਲੇ ਲੋਕ ਸਭਾ ਸੈਸ਼ਨ ਦੌਰਾਨ ਉਹ ਇਸ ਨੂੰ ਲੋਕ ਸਭਾ ਵਿੱਚ ਵੀ ਉਠਾਉਣਗੇ ਤਾਂ ਜੋ ਅਜਿਹਾ ਸਾਰੇ ਦੇਸ਼ ਵਿੱਚ ਕੀਤਾ ਜਾ ਸਕੇ। ਵਾਤਾਵਰਣ ਸੰਭਾਲ ‘ਤੇ ਜ਼ੋਰ ਦਿੰਦਿਆ ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਜੰਗਲਾਂ ਹੇਠ ਰਕਬਾ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰੁੱਖ ਲਗਾਉਣ ਲਈ ਮੁਹਿੰਮ ਚਲਾਈ ਗਈ ਸੀ ਅਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਵੀ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਠਾਏ ਅਜਿਹੇ ਕਦਮ ਲੋਕਾਂ ਨੂੰ ਵਾਤਾਵਰਣ ਸਬੰਧੀ ਹੋਰ ਸੁਹਿਰਦ ਹੋਣ ਲਈ ਪ੍ਰੇਰਿਤ ਕਰਨਗੇ ਅਤੇ ਇਹ ਮੁਹਿੰਮ ਇੱਕ ਵਿਸ਼ਾਲ ਰੂਪ ਲਵੇਗੀ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਹਾਲ ਹੀ ਵਿੱਚ ਹੋਈ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 14ਵੇਂ ਸੀ.ਓ.ਪੀ. ਦੀ ਮੇਜ਼ਬਾਨੀ ਕੀਤੀ ਗਈ ਸੀ ਜਿਸ ਵਿੱਚ ਵੀ ਸੰਸਾਰ ਪੱਧਰ ‘ਤੇ ਧਰਤੀ ਦੇ ਘੱਟ ਰਹੇ ਜੰਗਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਸੀ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ 42 ਹਜ਼ਾਰ ਤੋਂ ਅਸਲਾ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰੇਕ ਮਹੀਨੇ 200 ਦੇ ਕਰੀਬ ਅਸਲਾ ਲਾਇਸੈਂਸ ਨਵੀਨੀਕਰਨ ਲਈ ਆਉਂਦੇ ਹਨ, ਜੇਕਰ ਹਰੇਕ ਬਿਨੈਕਾਰ 5 ਰੁੱਖ ਲਗਾਉਂਦਾ ਹੈ ਤਾਂ ਇਕ ਮਹੀਨੇ ‘ਚ ਹਜ਼ਾਰ ਰੁੱਖ ਲੱਗਣਗੇ ਅਤੇ ਸਾਲ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ 12 ਹਜ਼ਾਰ ਰੁੱਖ ਲੱਗ ਸਕਣਗੇ ਅਤੇ ਜੇਕਰ ਇਹ ਮੁਹਿੰਮ ਸੂਬੇ ‘ਚ ਚਲਾਈ ਜਾਵੇ ਤਾਂ ਰੁੱਖਾਂ ਦਾ ਅੰਕੜਾ ਸਾਲਾਨਾ 2 ਲੱਖ 64 ਹਜ਼ਾਰ ਹੋ ਜਾਵੇਗਾ।
ਸ੍ਰੀ ਚੰਦਰ ਗੈਂਦ ਨੇ ਸ਼ਰਮ ਦੇ ਘੇਰੇ ‘ਚ ਆਉਣ ਵਾਲੇ ਬਿਨੈਕਾਰਾਂ ਨੂੰ ਰਾਹਦ ਦਿੰਦਿਆ ਕਿਹਾ ਕਿ ਜਿਨ੍ਹਾਂ ਕੋਲ ਰੁੱਖ ਲਗਾਉਣ ਲਈ ਸਥਾਨ ਨਹੀਂ ਹੈ ਉਹ ਰੱਖ ਜਨਤਕ ਸਥਾਨਾਂ ‘ਤੇ, ਸਿੱਖਿਆ ਸੰਸਥਾਵਾਂ, ਧਾਰਮਿਕ ਸਥਾਨ ਜਾ ਫੇਰ ਸੜਕਾਂ ਕਿਨਾਰੇ ਵੀ ਲਗਾ ਸਕਦੇ ਹਨ ਪਰ ਉਨ੍ਹਾਂ ਨੂੰ ਰੁੱਖ ਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ ਇਸ ਤਰ੍ਹਾਂ ਅਸੀ ਰੁੱਖਾਂ ਹੇਠ ਰਕਬੇ ਨੂੰ ਵਧਾ ਸਕਾਂਗੇ।
ਉਨ੍ਹਾਂ ਕਿਹਾ ਕਿ ਦੇਸ਼ ‘ਚ 732 ਜ਼ਿਲ੍ਹੇ ਹਨ ਅਤੇ ਜੇਕਰ ਹਰੇਕ ਜ਼ਿਲ੍ਹੇ ‘ਚ 200 ਅਸਲਾ ਲਾਈਸੈਂਸ ਫਾਈਲ ਆਉਂਦੀ ਹੈ ਅਤੇ ਉਨ੍ਹਾਂ ਵੱਲੋਂ ਰੁੱਖ ਲਗਾਏ ਜਾਦੇ ਹਨ ਤਾਂ ਸਾਲ ‘ਚ ਹੀ ਦੇਸ਼ ‘ਚ ਇਕ ਕਰੋੜ ਨਵੇਂ ਰੁੱਖ ਲਗਾਏ ਜਾ ਸਕਣੇ ਜੋ ਵਾਤਾਵਰਣ ਸ਼ੁੱਧਤਾ ਵੱਲ ਇਕ ਵੱਡਾ ਕਦਮ ਹੋਵੇਗਾ। ਇਸ ਮੌਕੇ ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਰੁੱਖ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ ਵਿੱਚ ਆਮਲਾ, ਨੀਮ, ਬਬੂਲ, ਟਾਹਲੀ ਆਦਿ ਰੁੱਖਾਂ ਨੂੰ ਤਰਜੀਹ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਿਨੈਕਾਰ ਵੱਲੋਂ ਲਗਾਏ ਗਏ ਰੁੱਖਾਂ ਦੀ ਬਾਅਦ ਵਿੱਚ ਵੀ ਨਿਗਰਾਨੀ ਰੱਖਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ, ਓ.ਐਸ.ਡੀ. ਟੂ ਸੀ.ਐਮ ਰਾਜੇਸ਼ ਕੁਮਾਰ ਅਤੇ ਸਮੂਹ ਐਸ.ਡੀ.ਐਮ ਵੀ ਮੌਜੂਦ ਸਨ। ਮੁਹਿੰਮ ਦੀ ਸ਼ੁਰੂਆਤ ਮੌਕੇ ਦੋ ਬਿਨੈਕਾਰਾਂ ਨੂੰ ਲਾਇਸੈਂਸ ਵੀ ਸੌਪੇ ਗਏ।
ਜ਼ਿਕਰਯੋਗ ਹੈ ਕਿ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਜਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਨ ਤਾਂ ਉਥੇ ਵੀ ਉਨ੍ਹਾਂ ਵੱਲੋਂ ਰੁੱਖ ਲਗਾਉਣ ਦੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੀ ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਕੇ ਸ਼ਲਾਘਾ ਕੀਤੀ ਗਈ ਸੀ। ‘ਟ੍ਰੀਜ਼ ਫ਼ਾਰ ਗੰਨ’ ਸਕੀਮ ਨੇ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਸੰਸਾਰ ਪੱਧਰ ‘ਤੇ ਇੱਕ ਵੱਖਰੀ ਪਹਿਚਾਣ ਦਿਵਾਈ ਸੀ।