ਤਰਨ ਤਾਰਨ – ਕੋਵਿਡ-19 ਦੀ ਜਾਂਚ ਲਈ ਭੇਜੇ ਗਏ ਅੱਜ ਪ੍ਰਾਪਤ 263 ਨਤੀਜਿਆਂ ਦੀ ਰਿਪੋਰਟ ਆਈ ਨੈਗੇਟਿਵ- ਡਿਪਟੀ ਕਮਿਸ਼ਨਰ

ਮਿਸ਼ਨ ਫਤਿਹ”
ਕੋਵਿਡ-19 ਦੀ ਜਾਂਚ ਲਈ ਭੇਜੇ ਗਏ ਅੱਜ ਪ੍ਰਾਪਤ 263 ਨਤੀਜਿਆਂ ਦੀ ਰਿਪੋਰਟ ਆਈ ਨੈਗੇਟਿਵ- ਡਿਪਟੀ ਕਮਿਸ਼ਨਰ
ਜ਼ਿਲੇ ਵਿੱਚ ਹੁਣ ਤੱਕ 215 ਮਰੀਜ਼ਾਂ ਦੇ ਪਾਈ ਕੋਰੋਨਾ ਵਾਇਰਸ `ਤੇ ਫਤਿਹ, 15193 ਸੈਂਪਲ ਆਏ ਨੈਗੇਟਿਵ
ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਅਪਣਾ ਕੇ ਹੀ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ
ਨਿਊਜ਼ ਪੰਜਾਬ
ਤਰਨ ਤਾਰਨ, 25 ਜੁਲਾਈ : ਕੋਵਿਡ-19 ਮਹਾਂਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ, ਬਲਕਿ ਅਹਿਤਿਆਤ ਅਪਨਾਉਣ ਦੀ ਜ਼ਰੂਰਤ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ, ਕਿਉਂਕਿ ਸਾਵਧਾਨੀਆਂ ਅਪਣਾ ਕੇ ਹੀ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੀ ਜਾਂਚ ਲਈ ਭੇਜੇ ਗਏ ਅੱਜ ਪ੍ਰਾਪਤ 263 ਨਤੀਜਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 373 ਨਮੂੁਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਹਨਾਂ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ ਲਏ ਗਏ 15818 ਸੈਂਪਲਾਂ ਵਿੱਚੋਂ 15193 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ, ਜਦਕਿ 215 ਮਰੀਜ਼ ਕੋਰੋਨਾ ਵਾਇਰਸ `ਤੇ ਫਤਿਹ ਪਾ ਚੁੱਕੇ ਹਨ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੋਵਿਡ-19 `ਤੇ ਅਸੀਂ ਜਲਦ ਹੀ ਫਤਿਹ ਪਾ ਲਵਾਂਗੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ “ਮਿਸ਼ਨ ਫਤਿਹ” ਤਹਿਤ ਜ਼ਿਲਾ ਪ੍ਰਸ਼ਾਸਨ ਵਲੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ ਤਾਂ ਜੋ ਜ਼ਿਲਾ ਵਾਸੀ ਸਾਵਧਾਨੀਆਂ ਅਪਣਾ ਕੇ ਕੋਰੋਨਾ ਵਾਇਰਸ ਤੋਂ ਬਚ ਸਕਣ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਸੰਪਰਕ ਨਾਲ ਫੈਲਦਾ ਹੈ, ਇਸ ਲਈ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਅਤੇ ਸਮੇਂ-ਸਮੇਂ `ਤੇ 20 ਸੈਕੰਡ ਤੱਕ ਹੱਥ ਧੋਣਾ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ ਆਏ ਕੋਵਿਡ-19 ਦੇ 260 ਪੋਜ਼ੀਟਿਵ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਹੁਣ ਸਿਰਫ਼ 39 ਐਕਟਿਵ ਕੇਸ ਹਨ। ਉਹਨਾਂ ਦੱਸਿਆ ਕਿ ਅੱਜ 323 ਸੈਂਪਲ ਲਏ ਗਏ ਹਨ, ਜਦਕਿ 373 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ।
ਉਨਾਂ ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੱਕ ਦੇ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਇਸ ਬੀਮਾਰੀ ਦੇ ਸਮਾਜਿਕ ਫੈਲਾਅ ਨੂੰ ਰੋਕਣ ਵਿੱਚ ਸਹਿਯੋਗ ਦੇਣ ਲਈ ਕਿਹਾ।