ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਮੁਕਾਬਲਿਆਂ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਪਹਿਲਾ ਸਥਾਨ ਕਾਇਮ ਰੱਖਣ ਲਈ ਪਟਿਆਲਵੀ ਯਤਨਸ਼ੀਲ

ਨਿਊਜ਼ ਪੰਜਾਬ
ਪਟਿਆਲਾ 24 ਜੁਲਾਈ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ, ਵਿਦਿਅਕ ਮੁਕਾਬਲਿਆਂ ਤਹਿਤ ਗੀਤ ਗਾਇਨ ਮੁਕਾਬਲਿਆਂ ਦੇ ਅੱਜ ਆਖ਼ਰੀ ਦਿਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ I             

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਕੂਲੀ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਫ਼ਲਸਫ਼ੇ, ਸਿੱਖਿਆਵਾਂ ਤੇ ਕੁਰਬਾਨੀ ਬਾਰੇ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਮੁਕਾਬਲਿਆਂ ਦੇ ਪਹਿਲੇ ਮੁਕਾਬਲੇ ਸ਼ਬਦ ਗਾਇਨ ‘ਚ ਪਟਿਆਲਾ ਜ਼ਿਲ੍ਹੇ ਦਾ ਪ੍ਰਾਇਮਰੀ ਵਿੰਗ ਅੱਵਲ ਰਿਹਾ ਸੀ। ਇਸ ਪੁਜੀਸ਼ਨ ਨੂੰ ਉਹ ਗੀਤ ਗਾਇਨ ਮੁਕਾਬਲੇ ‘ਚ ਵੀ ਕਾਇਮ ਰੱਖਣ ਲਈ ਯਤਨਸ਼ੀਲ ਹਨ। ਜਿਸ ਲਈ ਜ਼ਿਲ੍ਹਾ ਨੋਡਲ ਅਫ਼ਸਰ ਗੋਪਾਲ ਕ੍ਰਿਸ਼ਨ, ਸਮੂਹ ਬੀ.ਪੀ.ਈ.ਓਜ਼., ਸਕੂਲ ਮੁਖੀਆਂ, ਅਧਿਆਪਕਾਂ ਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਦੀ ਟੀਮ ਵੱਲੋਂ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ਅਤੇ ਬਹੁਤ ਵਧੀਆ ਨਤੀਜੇ ਆ ਰਹੇ ਹਨ।
ਇੰਜ. ਅਮਰਜੀਤ ਸਿੰਘ ਨੇ ਕਿਹਾ ਕਿ ਐਸ.ਸੀ.ਈ.ਆਰ.ਟੀ. ਦੀ ਨਿਰਦੇਸ਼ਨਾ ‘ਚ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਲਈ ਮਾਪਿਆਂ ‘ਚ ਵੀ ਬਹੁਤ ਉਤਸ਼ਾਹ ਹੈ।

                                                                                                                                            ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ੍ਰੀਮਤੀ ਹਰਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਵਰਗ ‘ਚ ਪਟਿਆਲਾ ਜ਼ਿਲ੍ਹਾ ਰਾਜ ਭਰ ‘ਚੋਂ ਅੱਵਲ ਰਿਹਾ ਸੀ। ਜਿਸ ਕਰਕੇ ਉਨ੍ਹਾਂ ਦੇ ਨੋਡਲ ਅਫ਼ਸਰ ਪ੍ਰਿੰ. ਰਜਨੀਸ਼ ਗੁਪਤਾ, ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਤੇ ਬੱਚਿਆਂ ਵੱਲੋਂ ਹੋਰ ਵੀ ਜੋਸ਼ ਨਾਲ ਗੀਤ ਮੁਕਾਬਲੇ ‘ਚ ਹਿੱਸਾ ਲਿਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਅੱਜ ਆਖ਼ਰੀ ਦਿਨ ਬੱਚਿਆਂ ਨੇ ਵੱਡੀ ਗਿਣਤੀ ‘ਚ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅੱਪਲੋਡ ਕੀਤੀਆਂ ਹਨ। ਇਸ ਸਬੰਧੀ ਇੱਕ ਪ੍ਰਤੀਯੋਗੀ ਹਰਪ੍ਰੀਤ ਸਿੰਘ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਅਗਵਾਈ ਤੇ ਪ੍ਰੇਰਨਾ ਦਿੱਤੀ ਜਾ ਰਹੀ ਹੈ॥

——————————————-
ਤਸਵੀਰ:- 1. ਇੰਜ. ਅਮਰਜੀਤ ਸਿੰਘ 2. ਸ੍ਰੀਮਤੀ ਹਰਿੰਦਰ ਕੌਰ 3. ਹਰਪ੍ਰੀਤ ਸਿੰਘ