ਸ਼ਹੀਦ ਭਗਤ ਸਿੰਘ ਨਗਰ – ਪਿੰਡਾਂ ਵਿਚ ਕੋਰੋਨਾ ਪ੍ਰਤੀ ਜਾਗਰੂਕਤਾ ਫੈਲਾਉਣ ਵਿਚ ਅਹਿਮ ਯੋਗਦਾਨ ਪਾ ਰਹੇ ਨੇ ਖੁਸ਼ਹਾਲੀ ਦੇ ਰਾਖੇ *ਘਰ-ਘਰ ਪਹੰੁਚਾ ਰਹੇ ਨੇ ‘ਮਿਸ਼ਨ ਫ਼ਤਿਹ’ ਦਾ ਸੁਨੇਹਾ
*ਪੁਲਿਸ ਦੇ ਸਹਿਯੋਗ ਨਾਲ ਪਿੰਡਾਂ ਵਿਚ ਕਰਵਾਈ ਜਾ ਰਹੀ ਹੈ ਹਦਾਇਤਾਂ ਦੀ ਪਾਲਣਾ
ਨਿਊਜ਼ ਪੰਜਾਬ
ਨਵਾਂਸ਼ਹਿਰ, 22 ਜੁਲਾਈ :ਪਿੰਡਾਂ ਵਿਚ ਕੋਰੋਨਾ ਪ੍ਰਤੀ ਜਾਗਰੂਕਤਾ ਫੈਲਾਉਣ ਵਿਚ ਅਹਿਮ ਯੋਗਦਾਨ ਪਾ ਰਹੇ ਨੇ ਖੁਸ਼ਹਾਲੀ ਦੇ ਰਾਖੇ
*ਘਰ-ਘਰ ਪਹੰੁਚਾ ਰਹੇ ਨੇ ‘ਮਿਸ਼ਨ ਫ਼ਤਿਹ’ ਦਾ ਸੁਨੇਹਾ
ਕੋਵਿਡ-19 ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖੁਸ਼ਹਾਲੀ ਦੇ ਰਾਖੇ (ਜੀ. ਓ. ਜੀਜ਼) ਜ਼ਿਲਾ ਵਾਸੀਆਂ ਨੂੰ ਜਾਗਰੂਕ ਕਰ ਕੇ ਉਨਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਇਸ ਤਹਿਤ ਉਨਾਂ ਵੱਲੋਂ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਦਿਆਂ ਸਾਵਧਾਨੀਆਂ ਵਰਤਣ ਦੀ ਤਾਕੀਦ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜੀ. ਓ. ਜੀਜ਼ ਦੇ ਜ਼ਿਲਾ ਹੈੱਡ ਕਰਨਲ ਚੂਹੜ ਸਿੰਘ ਨੇ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ 136 ਜੀ. ਓ. ਜੀਜ਼ ਸੇਵਾਵਾਂ ਨਿਭਾਅ ਰਹੇ ਹਨ, ਜਿਨਾਂ ਵੱਲੋਂ ਆਪਣੇ ਨਾਲ ਸਬੰਧਤ ਪਿੰਡਾਂ ਵਿਚ ਕੋਵਿਡ ਪ੍ਰਤੀ ਵੱਡੀ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਪਿੰਡਾਂ ਦੇ ਗੁਰਦੁਆਰਿਆਂ, ਮੰਦਿਰਾਂ ਅਤੇ ਹੋਰਨਾਂ ਧਾਰਮਿਕ ਸਥਾਨਾਂ ਤੋਂ ਰੈਗੂਲਰ ਵਕਫੇ ’ਤੇ ਲੋਕਾਂ ਨੂੰ ਮਾਸਕ ਪਹਿਨਣ, ਵਾਰ-ਵਾਰ ਸਾਬਣ ਨਾਲ ਹੱਥ ਧੋਣ ਅਤੇ ਸਮਾਜਿਕ ਵਿੱਥ ਬਣਾਈ ਰੱਖਣ ਸਬੰਧੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਇਸੇ ਤਰਾਂ ਲੋਕਾਂ ਨੂੰ ਇਕੱਠ ਨਾ ਕਰਨ ਅਤੇ ਕੇਵਲ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਨਰੇਗਾ ਵਰਕਰਾਂ ਨੂੰ ਵੀ ਇਸ ਬਿਮਾਰੀ ਤੋਂ ਬਚਾਅ ਲਈ ਸੁਚੇਤ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪੇਂਡੂ ਖੇਤਰਾਂ ਵਿਚ ਵੀ ਕੋਵਿਡ ਦੇ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ ਹੁਣ ਸਬ-ਡਵੀਜ਼ਨ ਵਾਈਜ਼ ਪੁਲਿਸ ਅਤੇ ਜੀ. ਓ. ਜੀਜ਼ ਦੇ ਸਾਂਝੇ ਉਡਣ ਦਸਤੇ ਗਠਿਤ ਕੀਤੇ ਗਏ ਹਨ, ਜੋ ਕਿ ਲਗਾਤਾਰ ਗਸ਼ਤ ਕਰ ਕੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ’ਤੇ ਬਾਜ਼ ਨਜ਼ਰ ਰੱਖ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਤੇ ਕੰਨ ਬਣ ਕੇ ਕੰਮ ਕਰ ਰਹੇ ਖੁਸ਼ਹਾਲੀ ਦੇ ਰਾਖੇ ਹੁਣ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜੀਅ-ਜਾਨ ਨਾਲ ਜੁੱਟੇ ਹੋਏ ਹਨ।
————————-
ਫੋਟੋ ਕੈਪਸ਼ਨਾਂ :
-ਪਿੰਡਾਂ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਦੇ ਹੋਏ ਖੁਸ਼ਹਾਲੀ ਦੇ ਰਾਖੇ।