ਬਿਨ੍ਹਾਂ ਬਿਲ, ਜਾਅਲੀ ਬਿਲਾਂ ਅਤੇ ਘੱਟ ਕੀਮਤ ਦੇ ਬਿਲਾਂ ‘ਤੇ 1 ਕਰੋੜ 86 ਲੱਖ 14 ਹਜ਼ਾਰ ਰੁਪਏ ਜ਼ੁਰਮਾਨਾ
ਆਬਕਾਰੀ ਤੇ ਕਰ ਵਿਭਾਗ ਦਾ ਮੋਬਾਇਲ ਵਿੰਗ ਸਰਗਰਮ, 15 ਦਿਨਾਂ ‘ਚ ਫੜੀਆਂ 198 ਗੱਡੀਆਂ
ਨਿਊਜ਼ ਪੰਜਾਬ
ਪਟਿਆਲਾ, 21 ਜੁਲਾਈ: ਆਬਕਾਰੀ ਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਕੋਵਿਡ-19 ਦੀ ਤਾਲਾਬੰਦੀ ਖੁੱਲ੍ਹਣ ਮਗਰੋਂ ਸ਼ੁਰੂ ਕੀਤੀ ਅਚਨਚੇਤ ਚੈਕਿੰਗ ਕਰਦਿਆਂ ਪਿਛਲੇ 15 ਦਿਨਾਂ ‘ਚ 198 ਗੱਡੀਆਂ ਫੜੀਆਂ ਹਨ। ਇਨ੍ਹਾਂ ‘ਚੋਂ 133 ਗੱਡੀਆਂ ਦੇ ਮਾਮਲਿਆਂ ‘ਚ ਬਿਨ੍ਹਾਂ ਬਿਲ, ਜਾਅਲੀ ਬਿਲਾਂ ਤੇ ਘੱਟ ਕੀਮਤ ਦੇ ਬਿਲਾਂ ਸਬੰਧੀ ਇੱਕ ਕਰੋੜ 86 ਲੱਖ 14 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਕੋਵਿਡ-19 ਮਹਾਂਮਾਰੀ ਕਾਰਨ ਲਾਕਡਾਊਨ ਦੇ ਚਲਦਿਆਂ ਪੰਜਾਬ ਰਾਜ ਵਿੱਚ ਗੱਡੀਆਂ ਦੀ ਚੈਕਿੰਗ ਬੰਦ ਕਰ ਦਿੱਤੀ ਗਈ ਸੀ, ਪਰ ਕਰ ਚੋਰੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਣ ਕਰਕੇ ਵਿਭਾਗ ਨੇ ਕਾਨੂੰਨ ਅਨੁਸਾਰ ਚੈਕਿੰਗ ਦੁਬਾਰਾ ਸ਼ੁਰੂ ਕਰਵਾ ਦਿੱਤੀ ਹੈ।
ਬੁਲਾਰੇ ਮੁਤਾਬਕ ਹੁਣ ਆਮ ਚੈਕਿੰਗ ਦੇ ਮੁਕਾਬਲੇ ਸੂਚਨਾਂ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਵਿਭਾਗ ਦੇ ਮੋਬਾਇਲ ਵਿੰਗਾਂ ਵੱਲੋਂ ਚੈਕਿੰਗ ਕਰਵਾਈ ਜਾ ਰਹੀ ਹੈ। ਇਸ ਅਧੀਨ ਬਿਨਾਂ-ਬਿਲ/ਜਾਅਲੀ ਬਿਲ/ਅੰਡਰ ਵੈਲਯੁ ਆਦਿ ਗੱਡੀਆਂ ਦੀ ਚੈਕਿੰਗ ਕਰਕੇ ਜੀ.ਐੱਸ.ਟੀ. ਐਕਟ ਦੀ ਧਾਰਾਵਾਂ ਅਧੀਨ ਬਣਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ 1 ਜੁਲਾਈ 2020 ਤੋਂ 15 ਜੁਲਾਈ 2020 ਤੱਕ ਵਿਭਾਗ ਦੇ ਮੋਬਾਇਲ ਵਿੰਗਾਂ ਦੇ ਅਧਿਕਾਰੀਆਂ ਵੱਲੋਂ 198 ਗੱਡੀਆਂ ਫੜੀਆਂ ਗਈਆਂ ਹਨ।
ਇਨ੍ਹਾਂ ਵਿੱਚੋਂ 133 ਗੱਡੀਆਂ ਦੇ ਕੇਸਾਂ ਵਿੱਚ 1,86,14,003 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ ਖਾਸ ਕਰਕੇ ਲੋਹਾ ਸਕਰੈਪ, ਫਿਨਿਸ਼ਡ ਗੁਡਜ਼, ਪਰਚੂਨ, ਤਾਂਬਾ ਸਕਰੈਪ, ਪਲਾਈਵੁੱਡ/ਵੁੱਡ, ਤੰਬਾਕੂ, ਟੈਕਸਟਾਈਲ, ਸਰੋਂ ਦਾ ਤੇਲ ਅਤੇ ਇਲੈਕਟ੍ਰੀਕਲ ਗੁੱਡਜ਼ ਦੀਆਂ ਗੱਡੀਆਂ ਸ਼ਾਮਲ ਹਨ।
ਆਬਕਾਰੀ ਅਤੇ ਕਰ ਵਿਭਾਗ ਵੱਲੋਂ ਇਸ ਸਮੇਂ ਦੋਰਾਨ ਕੁੱਝ ਫਰਮਾਂ ਦੇ ਵਪਾਰਕ ਅਦਾਰਿਆਂ ਦੀ ਜੀ.ਐਸ.ਟੀ. ਐਕਟ ਦੇ ਸੈਕਸ਼ਨ 67 ਅਧੀਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ‘ਚ ਭੌਤਿਕ ਪੜਤਾਲ/ਇੰਸਪੈਕਸ਼ਨ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿਛਲੇ ਮਹੀਨੇ ਵਿੱਚ ਪੰਜਾਬ ਜੀ.ਐਸ.ਟੀ ਵੱਲੋਂ ਬੋਗਸ ਬਿਲਾਂ/ਜਾਅਲੀ ਬਿਲਾਂ ਦਾ ਕੰਮ ਕਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਤੋਂ ਅਗਲੇਰੇ ਪੱਧਰ ‘ਤੇ ਕਾਰਵਾਈ ਕਰਦੇ ਹੋਏ ਵਿਭਾਗ ਵੱਲੋਂ ਉਕਤ ਫਰਮ ਨਾਲ ਸਬੰਧਤ ਕਾਰੋਬਾਰ ਕਰਨ ਵਾਲੀ 420 ਫਰਮਾਂ ਦੇ ਵਪਾਰਕ ਅਦਾਰਿਆਂ ਦੀ ਪੜਤਾਲ ਕਰਵਾਈ ਗਈ ਅਤੇ ਜਿਨ੍ਹਾਂ ਵਿੱਚੋਂ 298 ਫਰਮਾਂ ਨੇ ਬੋਗਸ ਆਈ.ਟੀ.ਸੀ. ਦਾ ਕਲੇਮ ਲਿਆ ਹੈ, ਉਨ੍ਹਾਂ ਦੇ ਵਿਰੁੱਧ ਟੈਕਸ ਅਤੇ ਜੁਰਮਾਨਾ ਭਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।