ਖਿਡਾਰੀ ਅਤੇ ਕੋਚ ਵੀ ਅੱਗੇ ਆਏ – ਲੋਕਾਂ ਨੂੰ ਖੇਡਾਂ ਨਾਲ ਜੁੜਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ-ਰਾਜਦਾਨ
ਮਿਸ਼ਨ ਫ਼ਤਿਹ
ਖਿਡਾਰੀਆਂ ਤੇ ਕੋਚਾਂ ਨੇ ਵੀ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਚਲਾਈ ਜਾਗਰੂਕਤਾ ਮੁਹਿੰਮ
ਨਿਊਜ਼ ਪੰਜਾਬ
ਪਟਿਆਲਾ, 19 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ਨੂੰ ਜਿੱਤਣ ਲਈ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਖਿਡਾਰੀ ਅਤੇ ਕੋਚ ਵੀ ਅੱਗੇ ਆਏ ਹਨ। ਪੰਜਾਬ ਖੇਡ ਵਿਭਾਗ ਦੇ ਕੋਚਾਂ ਨੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ਨਾਲ ਲੈ ਕੇ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਰੱਖਣ ਬਾਰੇ ਜਾਗਰੂਕਤਾ ਨੂੰ ਘਰ-ਘਰ ਪਹੁੰਚਾਉਣ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ।
ਪਟਿਆਲਾ ਦੇ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜਦਾਨ ਨੇ ਦੱਸਿਆ ਕਿ ਖੇਡ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ, ਕੋਚਾਂ ਤੇ ਖਿਡਾਰੀਆਂ ਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਾਂ ਨੂੰ ਇਕੱਠਾਂ ‘ਚ ਜਾਣ ਤੋਂ ਗੁਰੇਜ਼ ਕਰਨ, ਵਾਰ-ਵਾਰ ਹੱਥ ਧੋਣ, ਮਾਸਕ ਲਾਜਮੀ ਪਾ ਕੇ ਰੱਖਣ, ਆਪਸੀ ਦੂਰੀ ਰੱਖਣ ਅਤੇ ਬਿਨ੍ਹਾਂ ਕਾਰਨ ਘਰੋਂ ਬਾਹਰ ਨਾ ਨਿਕਲਣ ਬਾਰੇ ਦੱਸਿਆ ਗਿਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਗਈ ਕੋਵਾ ਐਪ ਲੋਕਾਂ ਨੂੰ ਆਪਣੇ ਫੋਨ ਵਿੱਚ ਡਾਊਨਲੋਡ ਕਰਨ ਦੇ ਨਾਲ-ਨਾਲ ਮਿਸ਼ਨ ਯੋਧੇ ਬਣਕੇ ਕਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਲੜਨ ਲਈ ਵੀ ਕਿਹਾ ਗਿਆ। ਇਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਗਈ ਤਾਂ ਕਿ ਲੋਕਾਂ ਦੀ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਵਧ ਸਕੇ ਅਤੇ ਉਹ ਕੋਵਿਡ-19 ਤੋਂ ਬਚ ਸਕਣ।