ਕੈਪਟਨ ਨੂੰ ਪੁੱਛੋ – ਪਾਣੀ ਦੀ ਸੰਭਾਲ ਤੇ ਸੁਚੱਜੀ ਵਰਤੋਂ ਲਈ ਇਜ਼ਰਾਇਲ ਦੀ ਕੰਪਨੀ ਪੰਜਾਬ ਵਾਟਰ ਰੈਗੂਲੇਟਰੀ ਅਥਾਰਟੀ ਨਾਲ ਮਿਲਕੇ ਆਪਣੀ ਰਿਪੋਰਟ ਦੇਵੇਗੀ-ਕੈਪਟਨ ਅਮਰਿੰਦਰ ਸਿੰਘ
ਪੰਜਾਬ ਸਰਕਾਰ ਰਾਜ ਅੰਦਰ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਗੰਭੀਰ-ਮੁੱਖ ਮੰਤਰੀ
-ਮੁੱਖ ਮੰਤਰੀ ਨੇ ‘ਕੈਪਟਨ ਨੂੰ ਪੁੱਛੋ’ ਪ੍ਰੋਗਰਾਮ ‘ਚ ਪਟਿਆਲਾ ਜ਼ਿਲ੍ਹੇ ਦੇ ਚਾਰ ਵਸਨੀਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ
ਨਿਊਜ਼ ਪੰਜਾਬ
ਪਟਿਆਲਾ, 18 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ‘ਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਗੰਭੀਰ ਹੈ। ਮੁੱਖ ਮੰਤਰੀ ਅੱਜ ਸ਼ਾਮ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਆਪਣੀ ਜੰਗ ‘ਮਿਸ਼ਨ ਫ਼ਤਿਹ’ ਦੌਰਾਨ ਪੰਜਾਬ ਵਾਸੀਆਂ ਲਈ ਮਕਬੂਲ ਹੋਏ ਵਿਸ਼ੇਸ਼ ਫੇਸਬੁਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਪੁੱਛੋ’ ਦੌਰਾਨ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਚਾਰ ਵਸਨੀਕਾਂ ਵੱਲੋਂ ਵੀ ਆਪਣੇ ਸਵਾਲਾਂ ਜਰੀਏ ਮੁੱਖ ਮੰਤਰੀ ਨਾਲ ਰਾਬਤਾ ਕੀਤਾ ਗਿਆ।
ਪਾਤੜਾਂ ਦੇ ਰਜਿੰਦਰ ਸਿੰਘ ਵੱਲੋਂ ਧਰਤੀ ਹੇਠਲੇ ਪਾਣੀ ਦੇ ਦਿਨੋਂ-ਦਿਨ ਡਿਗਦੇ ਜਾ ਰਹੇ ਪੱਧਰ ‘ਤੇ ਚਿੰਤਾ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਾਣੀ ਦੀ ਸੰਭਾਲ ਅਤੇ ਸੁਚੱਜੀ ਵਰਤੋਂ ਲਈ ਇਜ਼ਰਾਇਲ ਦੀ ਕੰਪਨੀ ਦੀਆਂ ਸੇਵਾਵਾਂ ਹਾਸਲ ਕੀਤੀਆਂ ਹਨ, ਜੋ ਕਿ ਰਾਜ ਸਰਕਾਰ ਵੱਲੋਂ ਗਠਿਤ ਕੀਤੀ ਗਈ ਪੰਜਾਬ ਵਾਟਰ ਰੈਗੂਲੇਟਰੀ ਅਥਾਰਟੀ ਨਾਲ ਮਿਲਕੇ ਆਪਣੀ ਰਿਪੋਰਟ ਦੇਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਪਾਣੀ ਬਚਾਓ, ਪੈਸਾ ਕਮਾਓ ਸਕੀਮ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਝੋਨਾ ਬਹੁਤ ਜਰੂਰੀ ਹੈ ਪਰੰਤੂ ਸਰਕਾਰ ਨੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਉਤਸ਼ਾਹਤ ਕੀਤਾ ਹੈ, ਜਿਸ ਕਰਕੇ ਰਾਜ ‘ਚ ਇਸ ਵਾਰ 20 ਫੀਸਦੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਪਟਿਆਲਾ ਦੇ ਜਗਦੀਪ ਖੋਖਰ ਵੱਲੋਂ ਪੰਜਾਬ ‘ਚ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਧਾਏ ਜਾਣ ‘ਤੇ ਗਰੀਬ ਵਿਦਿਆਰਥੀਆਂ ਦੀ ਮਦਦ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਬਾਰੇ ਜਲਦ ਹੀ ਐਲਾਨ ਕਰੇਗੀ ਤਾਂ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਵੀ ਮੈਡੀਕਲ ਦੀ ਸਿੱਖਿਆ ਹਾਸਲ ਕਰ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਫੀਸਾਂ ਨਹੀਂ ਸਨ ਵਧਾਈਆਂ ਗਈਆਂ ਜਦਕਿ ਆਧੁਨਿਕ ਮਸ਼ੀਨਰੀ ਅਤੇ ਹੋਰ ਖ਼ਰਚਿਆਂ ਦੀ ਪੂਰਤੀ ਲਈ ਫ਼ੀਸਾ ਵਧਾਉਣੀਆਂ ਲਾਜਮੀ ਸਨ ਪਰੰਤੂ ਸਰਕਾਰ ਨੇ ਇਕੱਲੀ ਫੀਸ ਹੀ ਨਹੀਂ ਵਧਾਈ ਸਗੋਂ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਬੁਨਿਆਦੀ ਢਾਂਚੇ ‘ਚ ਵੀ ਜਿਕਰਯੋਗ ਸੁਧਾਰ ਕੀਤਾ ਹੈ।
ਇਸ ਦੌਰਾਨ ਰਾਜਪੁਰਾ ਵਾਸੀ ਅਮਿਤ ਕੁਮਾਰ ਵੱਲੋਂ ਕੋਵਿਡ-19 ਦੌਰਾਨ ਬਹੁਤੇ ਲੋਕਾਂ ਭੀੜ ਭਾੜ ਵਾਲੀਆਂ ਥਾਵਾਂ ‘ਤੇ ਵੀ ਮਾਸਕ ਨਾ ਪਾਏ ਜਾਣ ਸਬੰਧੀਂ ਆਖਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਟਿਆਲਾ ਪੁਲਿਸ ਨੂੰ ਚਲਾਨ ਕੱਟਣ ਅਤੇ ਹੋਰ ਸਖ਼ਤੀ ਕਰਨ ਲਈ ਹਦਾਇਤ ਕਰਨਗੇ।
ਜਦੋਂਕਿ ਪਟਿਆਲਾ ਦੇ ਸਚਿਨ ਢੰਡ ਵੱਲੋਂ ਪਟਿਆਲਾ ‘ਚ ਕੋਵਿਡ-19 ਕੇਸਾਂ ਦੀ ਵੱਧਦੀ ਜਾ ਰਹੀ ਗਿਣਤੀ ‘ਤੇ ਕਾਬੂ ਪਾਉਣ ਬਾਰੇ ਪੁੱਛਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬਾਕੀ ਸੂਬਿਆਂ ਨਾਲੋਂ ਸਥਿਤੀ ਕਾਬੂ ਵਿੱਚ ਹੈ ਪਰੰਤੂ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਖ਼ੁਦ ਵੀ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋੜਵੰਦਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਇਸਦਾ ਪ੍ਰਬੰਧ ਕਰਨ। ਮੁੱਖ ਮੰਤਰੀ ਨੇ ਆਪਣੇ ਫੇਸਬੁਕ ਲਾਇਵ ਪ੍ਰੋਗਰਾਮ ਦੌਰਾਨ ਪੰਜਾਬ ਵਾਸੀਆਂ ਨੂੰ ਕੋਵਿਡ-19 ਦੀ ਵਿਸ਼ਵ ਵਿਆਪੀ ਮਹਾਂਮਾਰੀ ਤੋਂ ਬਚਣ ਲਈ ਮਿਸ਼ਨ ਫ਼ਤਿਹ ਤਹਿਤ ਇਕੱਠਾਂ ਤੋਂ ਦੂਰ ਰਹਿਣ, ਸਮਾਜਿਕ ਵਿੱਥ ਰੱਖਣ, ਬੰਦ ਕਮਰਿਆਂ ਵਿੱਚ ਵੀ ਮਾਸਕ ਪਾਉਣ, ਏਅਰ ਕੰਡੀਸ਼ਨਰ ਵਾਲੇ ਕਮਰਿਆਂ ‘ਚ ਸਾਫ਼ ਹਵਾ ਦਾ ਪ੍ਰਬੰਧ ਅਤੇ ਹੱਥ ਵਾਰ-ਵਾਰ ਧੋਹਣ ‘ਤੇ ਸਖ਼ਤੀ ਨਾਲ ਪਹਿਰਾ ਦੇਣ ਦੀ ਅਪੀਲ ਵੀ ਕੀਤੀ।