ਐਨ ਜੀ ਓ ਵਲੋਂ ਹਸਪਤਾਲਾਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਜ਼ਰੂਰੀ ਵਸਤੂਆਂ ਦੀ ਸਪਲਾਈ

ਗੈਰ-ਸਰਕਾਰੀ ਸੰਸਥਾ ਯੁਨਾਈਟਿਡ ਵੇਅ ਦਿੱਲੀ ਨੇ ਲੁਧਿਆਣਾ ‘ਚ ਫਰੰਟਲਾਈਨ ਵਰਕਰਾਂ ਲਈ ਜ਼ਰੂਰੀ ਵਸਤਾਂ ਦਾਨ ਕੀਤੀਆਂ

ਨਿਊਜ਼ ਪੰਜਾਬ

ਲੁਧਿਆਣਾ, 17 ਮਈ  – ਦੇਸ਼ ਕੋਵਿਡ-19 ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ  ਕੋਰੋਨਾ ਯੋਧਿਆਂ ਦੀ ਸੁਰੱਖਿਆ ਲਈ ਗੰਭੀਰ ਹੈ ਅਤੇ ਕ੍ਰਿਆਸ਼ੀਲ ਉਪਰਾਲੇ ਕਰ ਰਹੀ ਹੈ। ਇਨ੍ਹਾਂ ਕੋਰੋਨਾ ਯੋਧਿਆਂ ਦੀ ਲੜੀ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ, ਸਫਾਈ ਕਰਮਚਾਰੀ ਅਤੇ ਕਮਿਊਨਿਟੀ ਹੈਲਥ ਵਰਕਰ ਆਦਿ ਵੀ ਸ਼ਾਮਲ ਹਨ। ਸਰਕਾਰ ਦੇ ਚੱਲ ਰਹੇ ਯਤਨਾਂ ਦੀ ਸਹਾਇਤਾ ਲਈ ਯੁਨਾਈਟਿਡ ਵੇਅ ਦਿੱਲੀ ਸਿਹਤ ਅਤੇ ਸਫਾਈ ਕਰਮਚਾਰੀਆਂ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ ਜੋ ਕਿ ਸਭ ਤੋਂ ਅੱਗੇ ਹੋ ਕੇ ਇਸ ਬੇਮਿਸਾਲ ਸਥਿਤੀ ਦਾ ਸਾਹਮਣਾ ਕਰ ਰਹੇ ਹਨ।
ਅੱਜ ਯੂਨਾਈਡਿਟ ਵੇਅ ਦਿੱਲੀ ਨੇ ਲੁਧਿਆਣਾ ਸ਼ਹਿਰ ਦੇ ਬਹਾਦਰ ਕੋਰੋਨਾ ਯੋਧਿਆਂ ਲਈ ਸਪਲਾਈ ਸੌਂਪ ਦਿੱਤੀ ਹੈ। ਉਨ੍ਹਾਂ ਕੋਵਿਡ ਕੇਅਰ ਸੈਂਟਰਾਂ ਅਤੇ ਹਸਪਤਾਲਾਂ ਲਈ 2450 ਪੀ.ਪੀ.ਈ. ਕਿੱਟਾਂ, 50 ਲੀਟਰ ਹੈਂਡ ਸੈਨੇਟਾਈਜ਼ਰ, 3 ਪਲਾਈ ਮਾਸਕ ਦੀਆਂ 5000 ਯੂਨਿਟ, 30000 ਹੱਥ ਦਸਤਾਨੇ, 1200 ਐਨ-95 ਮਾਸਕ, 5 ਆਈ.ਸੀ.ਯੂ.ਬੈਡ, 200 ਲੀਟਰ ਕੀਟਾਣੂ ਨਾਸ਼ਕ, 20 ਬਿਨ੍ਹਾਂ ਸੰਪਰਕ ਵਾਲੇ ਥਰਮਾਮੀਟਰ, 200 ਲੀਟਰ ਹੈਂਡ ਵਾਸ਼, 20 ਪੈਰਾਂ ਨਾਲ ਚਲਾਉਣ ਵਾਲੇ ਸੈਨੇਟਾਈਜ਼ਰ ਦਿੱਤੇ।
ਇਹ ਸਪਲਾਈ ਸੌਂਪਣ ਸਮੇਂ ਹੋਰਨਾਂ ਤੋਂ ਇਲਾਵਾ ਸ੍ਰੀ ਵਰਿੰਦਰ ਸਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸ੍ਰੀ ਸੰਯਮ ਅਗਰਵਾਲ ਸੀ.ਈ.ਓ. ਸਮਾਰਟ ਸਿਟੀ ਲਿਮਟਿਡ ਵੀ ਹਾਜ਼ਰ ਸਨ। ਸ੍ਰੀ ਵਿਸ਼ਵਜੀਤ ਖੰਨਾ, ਵਿੱਤ ਕਮਿਸ਼ਨਰ ਮਾਲ, ਪੰਜਾਬ ਅਤੇ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਵੀ ਵੀਡੀਓ ਕਾਨਫਰੰਸਿੰਗ ਰਾਹੀ ਜੁੜੇ। ਸ੍ਰੀ ਵਿਸ਼ਵਜੀਤ ਖੰਨਾ ਆਈ.ਏ.ਐਸ ਵਿੱਤ ਕਮਿਸ਼ਨਰ ਮਾਲ, ਪੰਜਾਬ ਵੱਲੋਂ ਯੂਨਾਈਟਿਡ ਵੇਅ ਦਿੱਲੀ ਦੀ ਪੰਜਾਬ ਵਿੱਚ ਕੋਵਿਡ ਦੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਇੱਕ ਵੱਡਾ ਸ਼ਹਿਰ ਹੋਣ ਕਰਕੇ ਸਾਰਿਆਂ ਦੀ ਸਮਾਜਿਕ ਜਿੰਮੇਵਾਰੀ ਵੀ ਬਣਦੀ ਹੈ ਕਿ ਚੱਲ ਰਹੀ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਪਹਿਲ ਕਦਮੀ ਕਰਨ। ਯੂਨਾਟਿਡ ਵੇਅ ਦਿੱਲੀ ਦਾ ਪੰਜਾਬ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਲਈ ਯੋਗਦਾਨ ਇੱਕ ਅਜਿਹਾ ਕਦਮ ਹੈ ਜਿੱਥੇ ਹੋਰ ਸਮਾਜਿਕ ਸੰਗਠਨ ਵੀ ਸਮਾਜ ਲਈ ਅਤੇ ਸਰਕਾਰ ਦੇ ਯਤਨਾਂ ਦੀ ਸਹਾਇਤਾ ਲਈ ਅੱਗੇ ਆ ਸਕਦੇ ਹਨ।
ਸ੍ਰੀ ਕਪਿਲ ਕੁਮਰੀਆ ਬੋਰਡ ਚੇਅਰ ਯੂਨਾਈਟਿਡ ਵੇਅ ਦਿੱਲੀ ਨੇ ਵੀਡੀਓ ਕਾਨਫਰੰਸ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨ ਦੇ ਉਦੇਸ਼ ਨਾਲ ਰਾਜ ਸਰਕਾਰਾਂ ਅਤੇ ਦਾਨੀਆਂ ਨੂੰ ਨਾਲ ਮਿਲ ਕੇ ਚੱਲਣ ਲਈ ਸਹਿਯੋਗ ਦੀ ਅਪੀਲ ਕੀਤੀ।
ਇਸ ਪਹਿਲ ‘ਤੇ ਟਿੱਪਣੀ ਕਰਦਿਆਂ ਸ੍ਰੀ ਇਸ਼ਤਿਆਕ ਅਮਜਦ ਉਪ ਪ੍ਰਧਾਨ ਜਨਤਕ ਮਾਮਲੇ, ਕੋਕਾ ਕੋਲਾ ਇੰਡੀਆ ਅਤੇ ਦੱਖਣੀ ਪੱਛਮੀ ਏਸ਼ੀਆ ਨੇ ਕਿਹਾ ਕਿ ‘ਅਸੀਂ ਸਿਹਤ ਅਤੇ ਸੁਰੱਖਿਆ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਸਾਥੀ ਯੂਨਾਈਟਿਡ ਵੇਅ ਨਾਲ ਸਹਿਯੋਗ ਕਰਨ ਲਈ ਤੱਤਪਰ ਹਾਂ’। ਸਾਨੂੰ ਉਮੀਦ ਹੈ ਕਿ ਸਮੂਹਿਕ ਯਤਨਾਂ ਸਦਕਾ ਇਸ ਪ੍ਰੀਖਿਆ ਦੀ ਘੜੀ ਵਿਚੋਂ ਬਾਹਰ ਕੱਢਣ ਦੇ ਯੋਗ ਹੋਵਾਂਗੇ।
ਹਸਪਤਾਲਾਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਜ਼ਰੂਰੀ ਸਪਲਾਈ ਪਟਿਆਲਾ, ਅਮ੍ਰਿਤਸਰ, ਫਰੀਦਕੋਟ ਅਤੇ ਲੁਧਿਆਣਾ ਸਮੇਤ ਸ਼ਹਿਰਾਂ ਵਿੱਚ ਦਾਨ ਕੀਤੀ ਜਾ ਰਹੀ ਹੈ। ਇਹ ਸਹੂਲਤ ਕੋਕਾ-ਕੋਲਾ ਫਾਊਂਡੇਸ਼ਨ ਅਤੇ ਯੁਨਾਈਟਿਡ ਵੇਅ ਦਿੱਲੀ ਦੇ ਸਹਿਯੋਗ ਨਾਲ ਦਿੱਤੀ ਜਾ ਰਹੀ ਹੈ।
ਸ੍ਰੀ ਸਚਿਨ ਗੋਲਵਾਲਕਰ, ਸੀ.ਈ.ਓ. ਯੁਨਾਈਟਿਡ ਵੇਅ ਦਿੱਲੀ ਨੇ ਕਿਹਾ ਕਿ ਪੰਜਾਬ ਵਿੱਚ ਪੋਜ਼ਟਿਵ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੇ ਸਿਹਤ ਸੰਭਾਲ ਕਰਮਚਾਰੀਆਂ ਦੀ ਰਾਖੀ ਕਰੀਏ। ਉਨ੍ਹਾਂ ਕਿਹਾ ਕਿ ਅਸੀਂ ਕੋਕਾ-ਕੋਲਾ ਫਾਊਂਡੇਸ਼ਨ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾ ਨੇ ਪੰਜਾਬ ਵਿੱਚ ਲੋੜੀਂਦੀਆਂ ਸਪਲਾਈਆਂ ਨੂੰ ਯਕੀਨੀ ਬਣਾਉਣ ਦੇ ਸਾਡੇ ਯਤਨਾਂ ਦੀ ਦਿਲੋਂ ਸਹਾਇਤਾ ਕੀਤੀ। ਕੋਵਿਡ-19 ਨਾਲ ਲੜਨ ਲਈ ਹਰ ਸੰਭਵ ਕਦਮ ਚੁੱਕਣ ਲਈ ਅਸੀਂ ਪੰਜਾਬ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਪਾਉਣ ਲਈ ਵਚਨਬੱਧ ਹਾਂ। ਅਸੀਂ ਇਸ ਔਖੀ ਘੜੀ ਦੌਰਾਨ ਸਰਕਾਰੀ ਸੰਸਥਾਵਾਂ ਅਤੇ ਸਥਾਨਕ ਸੰਸਥਾਵਾਂ ਨਾਲ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਦਾ ਸਮਰਥਨ ਕਰਨ ਲਈ ਲਗਾਤਾਰ ਕੰਮ ਕਰਨਾ ਜਾਰੀ ਰੱਖਾਂਗੇ।