Google Pay ਤੇ PhonePe ਨੂੰ ਟੱਕਰ! ਹੁਣ WhatsApp ਤੋਂ ਹੀ ਭਰੋ ਬਿਜਲੀ, ਗੈਸ, ਪਾਣੀ, ਕ੍ਰੈਡਿਟ ਕਾਰਡ ਤੇ FASTag ਦੇ ਬਿੱਲ

ਨਿਊਜ਼ ਪੰਜਾਬ

4 ਸਤੰਬਰ,2026

WhatsApp ਨੇ ਭਾਰਤ ਵਿੱਚ ਡਿਜੀਟਲ ਪੇਮੈਂਟ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਬਿੱਲ ਭੁਗਤਾਨ ਦੀ ਨਵੀਂ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਹੁਣ ਯੂਜ਼ਰ ਮੈਸੇਜਿੰਗ ਐਪ WhatsApp ਤੋਂ ਹੀ ਬਿਜਲੀ, ਗੈਸ, ਪਾਣੀ, FASTag, ਬੀਮਾ, ਕ੍ਰੈਡਿਟ ਕਾਰਡ ਅਤੇ ਲੋਨ ਸਮੇਤ ਕਈ ਤਰ੍ਹਾਂ ਦੇ ਬਿੱਲਾਂ ਦਾ ਭੁਗਤਾਨ ਕਰ ਸਕਣਗੇ। ਭਾਰਤ ਕਨੈਕਟ (BBPS) ਨੈੱਟਵਰਕ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਸੇਵਾ ਰਾਹੀਂ 30 ਸ਼੍ਰੇਣੀਆਂ ਵਿੱਚ 22,722 ਬਿਲਰਾਂ ਤੱਕ ਪਹੁੰਚ ਮਿਲੇਗੀ। ਕੰਪਨੀ ਵੱਲੋਂ ਇਸ ਫੀਚਰ ਨੂੰ ਪੜਾਅਵਾਰ ਤਰੀਕੇ ਨਾਲ ਪੂਰੇ ਦੇਸ਼ ਵਿੱਚ ਰੋਲਆਊਟ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ Android ਤੇ iOS ਦੋਵਾਂ ਯੂਜ਼ਰਾਂ ਲਈ ਉਪਲਬਧ ਹੋਵੇਗਾ।

ਇਸ ਨਵੇਂ ਫੀਚਰ ਨਾਲ ਲੋਕਾਂ ਨੂੰ ਵੱਖ-ਵੱਖ ਪੇਮੈਂਟ ਐਪਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ WhatsApp ਦੇ ਅੰਦਰ ਹੀ ਆਪਣੇ ਬਿੱਲ ਦੇਖਣ, ਪਿਛਲੇ ਭੁਗਤਾਨਾਂ ਦੀ ਜਾਣਕਾਰੀ ਹਾਸਲ ਕਰਨ ਅਤੇ ਕਈ ਖਾਤਿਆਂ ਨੂੰ ਇੱਕ ਥਾਂ ਤੋਂ ਮੈਨੇਜ ਕਰਨ ਦੀ ਸਹੂਲਤ ਮਿਲੇਗੀ। ਯੂਜ਼ਰ UPI, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰ ਸਕਣਗੇ। ਇਸ ਤੋਂ ਇਲਾਵਾ WhatsApp ਪਹਿਲਾਂ ਹੀ ਮੋਬਾਈਲ ਰੀਚਾਰਜ, ਮੈਟਰੋ ਟਿਕਟ ਬੁਕਿੰਗ ਅਤੇ ਹੋਰ ਡਿਜੀਟਲ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਬਿੱਲ ਪੇਮੈਂਟ ਫੀਚਰ ਦੇ ਸ਼ਾਮਲ ਹੋਣ ਨਾਲ WhatsApp ਦੀਆਂ ਸੇਵਾਵਾਂ ਦਾ ਦਾਇਰਾ ਹੋਰ ਵਧ ਗਿਆ ਹੈ ਅਤੇ ਇਹ Google Pay ਤੇ PhonePe ਵਰਗੇ ਡਿਜੀਟਲ ਪੇਮੈਂਟ ਪਲੇਟਫਾਰਮਾਂ ਲਈ ਨਵੀਂ ਚੁਣੌਤੀ ਬਣ ਸਕਦਾ ਹੈ।