ਨਿਊਜ਼ ਪੰਜਾਬ
4 ਸਤੰਬਰ,2026
ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਏਅਰ ਇੰਡੀਆ ਨੇ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਦੁਪਹਿਰ ਦੀਆਂ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਨਵਾਂ ਸ਼ਡਿਊਲ 10 ਸਤੰਬਰ 2026 ਤੋਂ ਲਾਗੂ ਹੋਵੇਗਾ। ਨਵੇਂ ਸ਼ਡਿਊਲ ਮੁਤਾਬਕ ਦਿੱਲੀ ਤੋਂ ਆਉਣ ਵਾਲੀ ਦੁਪਹਿਰ ਦੀ ਫਲਾਈਟ 3:35 ਵਜੇ ਹਲਵਾਰਾ ਹਵਾਈ ਅੱਡੇ ‘ਤੇ ਪਹੁੰਚੇਗੀ, ਜਦਕਿ ਹਲਵਾਰਾ ਤੋਂ ਦਿੱਲੀ ਲਈ ਉਡਾਣ ਸ਼ਾਮ 4:05 ਵਜੇ ਰਵਾਨਾ ਹੋਵੇਗੀ।
ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ਸਮੇਂ ਵਿੱਚ ਬਦਲਾਅ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਫੈਸਲਾ ਨਿਯਮਤ ਯਾਤਰੀਆਂ ਦੀ ਮੰਗ ਅਤੇ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਹਾਲਾਂਕਿ, ਸਵੇਰ ਦੀਆਂ ਏਅਰ ਇੰਡੀਆ ਉਡਾਣਾਂ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਉਹ ਪਹਿਲਾਂ ਵਾਲੇ ਸ਼ਡਿਊਲ ਅਨੁਸਾਰ ਹੀ ਚੱਲਣਗੀਆਂ। ਇਸ ਬਦਲਾਅ ਨਾਲ ਦੁਪਹਿਰ ਸਮੇਂ ਦਿੱਲੀ ਆਉਣ-ਜਾਣ ਵਾਲੇ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਵਧੇਰੇ ਸਹੂਲਤ ਮਿਲਣ ਦੀ ਉਮੀਦ ਹੈ।
