ਅੱਖਾਂ ਦੇ ਇਲਾਜ ਲਈ ਰਾਜੋਆਣਾ ਨੇ ਖੜਕਾਇਆ ਹਾਈਕੋਰਟ, ਹੁਣ PGI ਚੰਡੀਗੜ੍ਹ ’ਚ ਹੀ ਹੋਵੇਗਾ ਇਲਾਜ

ਨਿਊਜ਼ ਪੰਜਾਬ

2 ਸਤੰਬਰ,2026

ਪਟਿਆਲਾ ਕੇਂਦਰੀ ਜੇਲ੍ਹ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਅਤੇ ਸਰਜਰੀ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਸੀ। ਰਾਜੋਆਣਾ ਨੇ ਪਟਿਆਲਾ ਦੇ ਨਿੱਜੀ ਡਾ. ਆਰ.ਐਸ. ਰੰਧਾਵਾ ਆਈ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਇਜਾਜ਼ਤ ਮੰਗੀ ਸੀ, ਪਰ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਦਾ ਇਲਾਜ ਚੰਡੀਗੜ੍ਹ ਸਥਿਤ PGI ਵਿੱਚ ਹੀ ਕਰਵਾਉਣ ਦੇ ਹੁਕਮ ਦਿੱਤੇ ਹਨ। ਪਟੀਸ਼ਨ ਵਿੱਚ ਦੱਸਿਆ ਗਿਆ ਕਿ ਰਾਜੋਆਣਾ ਦੀਆਂ ਦੋਵੇਂ ਅੱਖਾਂ ਵਿੱਚ ਮੋਤੀਆਬਿੰਦ ਹੈ, ਜਿਸ ਕਾਰਨ ਉਨ੍ਹਾਂ ਨੂੰ ਦਰਦ ਅਤੇ ਨਜ਼ਰ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਜਨਵਰੀ ਵਿੱਚ PGI ਚੰਡੀਗੜ੍ਹ ਵਿਖੇ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਵੀ ਹੋ ਚੁੱਕੀ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਸਵਾਲ ਕੀਤਾ ਕਿ ਜਦੋਂ PGI ਵਿੱਚ ਜਾਂਚ ਹੋ ਚੁੱਕੀ ਹੈ ਤਾਂ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੀ ਲੋੜ ਕਿਉਂ ਹੈ। ਇਸ ਤੋਂ ਬਾਅਦ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਇਲਾਜ PGI ਚੰਡੀਗੜ੍ਹ ਵਿੱਚ ਹੀ ਕਰਵਾਇਆ ਜਾਵੇ।