ਨਿਊਜ਼ ਪੰਜਾਬ
2 ਸਤੰਬਰ,2026
ਤਮਿਲਨਾਡੂ ਸਰਕਾਰ ਨੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਅਤੇ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਸੂਬੇ ਦੇ 52 ਪ੍ਰਮੁੱਖ ਮੰਦਰਾਂ ਵਿੱਚ ਸਮਾਰਟਫੋਨ ਲਿਜਾਣ ਅਤੇ ਇਸਤੇਮਾਲ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਨਵਾਂ ਨਿਯਮ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ। ਹੁਣ ਮੰਦਰ ਵਿੱਚ ਦਾਖਲ ਹੋਣ ਵਾਲੇ ਸ਼ਰਧਾਲੂਆਂ ਨੂੰ ਆਪਣਾ ਸਮਾਰਟਫੋਨ ਪ੍ਰਵੇਸ਼ ਦੁਆਰ ’ਤੇ ਬਣੇ ਵਿਸ਼ੇਸ਼ ਕਾਊਂਟਰ ’ਤੇ ਜਮ੍ਹਾ ਕਰਵਾਉਣਾ ਹੋਵੇਗਾ। ਇਸ ਲਈ ਪ੍ਰਤੀ ਫੋਨ 5 ਰੁਪਏ ਚਾਰਜ ਲਿਆ ਜਾਵੇਗਾ। ਫੋਨ ਜਮ੍ਹਾ ਕਰਦੇ ਸਮੇਂ ਸ਼ਰਧਾਲੂ ਦੀ ਫੋਟੋ, ਮੋਬਾਈਲ ਦਾ ਮਾਡਲ ਅਤੇ ਫੋਨ ਨੰਬਰ ਦਰਜ ਕੀਤਾ ਜਾਵੇਗਾ ਅਤੇ ਇਸ ਦੇ ਬਾਅਦ ਟੋਕਨ ਦਿੱਤਾ ਜਾਵੇਗਾ। ਮੰਦਰ ਤੋਂ ਵਾਪਸੀ ਸਮੇਂ ਟੋਕਨ ’ਤੇ ਦਰਜ ਜਾਣਕਾਰੀ ਦਾ ਮਿਲਾਨ ਕਰਨ ਤੋਂ ਬਾਅਦ ਫੋਨ ਵਾਪਸ ਕੀਤਾ ਜਾਵੇਗਾ। ਹਾਲਾਂਕਿ ਬਿਨਾਂ ਕੈਮਰੇ ਵਾਲੇ ਮੋਬਾਈਲ ਫੋਨ ਮੰਦਰ ਅੰਦਰ ਲਿਜਾਣ ਦੀ ਇਜਾਜ਼ਤ ਰਹੇਗੀ।
ਇਸ ਤੋਂ ਇਲਾਵਾ ਮੰਦਰ ਪਰਿਸਰ ਵਿੱਚ ਫੋਟੋ ਖਿੱਚਣ, ਰੀਲ ਬਣਾਉਣ ਅਤੇ ਵੀਡੀਓ ਰਿਕਾਰਡ ਕਰਨ ’ਤੇ ਵੀ ਪਾਬੰਦੀ ਹੋਵੇਗੀ। ਇਹ ਨਿਯਮ ਵੀਆਈਪੀ, ਵੱਡੀਆਂ ਹਸਤੀਆਂ ਅਤੇ ਮਸ਼ਹੂਰ ਲੋਕਾਂ ’ਤੇ ਵੀ ਲਾਗੂ ਹੋਵੇਗਾ। ਸਰਕਾਰ ਨੇ ਮੰਦਰਾਂ ਅਤੇ ਆਸ-ਪਾਸ ਕਈ ਭਾਸ਼ਾਵਾਂ ਵਿੱਚ ਨੋਟਿਸ ਬੋਰਡ ਲਗਾ ਕੇ ਸ਼ਰਧਾਲੂਆਂ ਨੂੰ ਨਿਯਮਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਮਦਰਾਸ ਹਾਈਕੋਰਟ ਦੀ ਮਦੁਰੈ ਬੈਂਚ ਵੱਲੋਂ 2 ਦਸੰਬਰ 2022 ਨੂੰ ਦਿੱਤੇ ਹੁਕਮਾਂ ਦੇ ਆਧਾਰ ’ਤੇ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਮੰਦਰਾਂ ਵਿੱਚ ਖਾਸ ਕਰਕੇ ਨੌਜਵਾਨਾਂ ਵੱਲੋਂ ਲਗਾਤਾਰ ਫੋਟੋਆਂ, ਵੀਡੀਓ ਅਤੇ ਰੀਲਾਂ ਬਣਾਉਣ ਕਾਰਨ ਧਾਰਮਿਕ ਮਾਹੌਲ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ। ਮੀਨਾਕਸ਼ੀ ਅੰਮਨ ਮੰਦਰ, ਮਦੁਰੈ, ਰਾਮਨਾਥਸਵਾਮੀ ਮੰਦਰ ਰਾਮੇਸ਼ਵਰਮ, ਸ਼੍ਰੀ ਰੰਗਨਾਥਸਵਾਮੀ ਮੰਦਰ ਸ਼੍ਰੀਰੰਗਮ, ਬ੍ਰਹਦੀਸ਼ਵਰ ਮੰਦਰ ਤੰਜਾਵੁਰ ਅਤੇ ਅਰੁਣਾਚਲੇਸ਼ਵਰ ਮੰਦਰ ਤਿਰੁਵੰਨਾਮਲਾਈ ਸਮੇਤ ਕਈ ਪ੍ਰਸਿੱਧ ਮੰਦਰ ਇਸ ਨਿਯਮ ਦੇ ਦਾਇਰੇ ਵਿੱਚ ਹਨ।
