ਨਿਊਜ਼ ਪੰਜਾਬ
31 ਅਗਸਤ,2026
ਨੇਪਾਲ-ਤਿੱਬਤ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਵਿੱਚ ਮਰਨ ਵਾਲਿਆਂ ਦੀ ਗਿਣਤੀ 682 ਤੱਕ ਪਹੁੰਚ ਗਈ ਹੈ, ਜਦਕਿ ਕਰੀਬ 3000 ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਵਿੱਚ 287 ਭਾਰਤੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਸ ਤਬਾਹੀ ਦੇ ਤਿੰਨ ਦਿਨ ਬਾਅਦ ਗਲੇਸ਼ੀਅਰ ਟੁੱਟਣ ਦਾ ਵੀਡੀਓ ਸਾਹਮਣੇ ਆਉਣ ਨਾਲ ਲੋਕਾਂ ਵਿੱਚ ਚਿੰਤਾ ਹੋਰ ਵਧ ਗਈ ਹੈ। ਇਸੇ ਦੌਰਾਨ ਨੇਪਾਲ ਦੇ ਭੋਟੇਕੋਸ਼ੀ ਇਲਾਕੇ ਵਿੱਚ ਹੜ੍ਹ ਨਾਲ ਜੁੜਿਆ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਹੜ੍ਹ ਦੇ ਤੇਜ਼ ਪਾਣੀ ਵਿੱਚ ਇੱਕ ਬੈਂਕ ਦਾ ਲਾਕਰ ਵਹਿ ਕੇ ਕਈ ਕਿਲੋਮੀਟਰ ਦੂਰ ਧਾਦਿੰਗ ਦੇਬੇਲਖੁਖੋਲਾ ਕੋਲ ਪਹੁੰਚ ਗਿਆ। ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਸਥਾਨਕ ਲੋਕਾਂ ਨੇ ਲਾਕਰ ਤੋੜ ਕੇ ਉਸ ਵਿੱਚ ਰੱਖੀ ਨਕਦੀ ਕੱਢ ਲਈ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ 29 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਸ਼ੁਰੂਆਤੀ ਤਲਾਸ਼ੀ ਦੌਰਾਨ ਪੁਲਿਸ ਨੇ ਇਨ੍ਹਾਂ ਕੋਲੋਂ 92.68 ਲੱਖ ਨੇਪਾਲੀ ਰੁਪਏ, ਯਾਨੀ ਲਗਭਗ 57 ਲੱਖ ਭਾਰਤੀ ਰੁਪਏ, ਬਰਾਮਦ ਕੀਤੇ ਹਨ।
ਪੁਲਿਸ ਮੁਤਾਬਕ ਹਿਰਾਸਤ ਵਿੱਚ ਲਏ ਗਏ ਜ਼ਿਆਦਾਤਰ ਲੋਕ ਗਲਛੀ-4 ਦੇ ਮਸਤਾਨ ਇਲਾਕੇ ਨਾਲ ਸਬੰਧਤ ਹਨ, ਜਦਕਿ ਕੁਝ ਲੋਕ ਗਲਛੀ-6 ਦੇ ਆਦਮਘਾਟ ਅਤੇ ਸਿਧਲੇਖ-7 ਦੇ ਆਦਮਤਾਰ ਦੇ ਰਹਿਣ ਵਾਲੇ ਹਨ। ਪੁਲਿਸ ਹੁਣ ਬਰਾਮਦ ਹੋਈ ਰਕਮ ਦੇ ਸਰੋਤ ਅਤੇ ਲਾਕਰ ਨਾਲ ਜੁੜੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ।
