ਰਾਜੀਵ ਠਾਕੁਰ ਦੇ ਪਿਤਾ ਦਾ ਦਿਹਾਂਤ, ਇੰਦੌਰ ਦਾ ਸ਼ੋਅ ਮੁਲਤਵੀ

ਨਿਊਜ਼ ਪੰਜਾਬ

23 ਅਗਸਤ,2026

‘ਦ ਕਪਿਲ ਸ਼ਰਮਾ ਸ਼ੋਅ’ ਵਿੱਚ ‘ਰਾਜੂ’ ਦਾ ਕਿਰਦਾਰ ਨਿਭਾ ਕੇ ਲੋਕਾਂ ਦੇ ਦਿਲਾਂ ਵਿੱਚ ਖਾਸ ਪਛਾਣ ਬਣਾਉਣ ਵਾਲੇ ਕਾਮੇਡੀਅਨ ਅਤੇ ਅਦਾਕਾਰ ਰਾਜੀਵ ਠਾਕੁਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਸਹਿ-ਕਲਾਕਾਰ ਅਤੇ ਕਰੀਬੀ ਦੋਸਤ ਕ੍ਰਿਸ਼ਨਾ ਅਭਿਸ਼ੇਕ ਨੇ ਕੀਤੀ। ਰਾਜੀਵ ਦਾ ਅੱਜ ਇੰਦੌਰ ਵਿੱਚ ਕ੍ਰਿਸ਼ਨਾ ਨਾਲ ਇੱਕ ਪ੍ਰੋਗਰਾਮ ਹੋਣਾ ਸੀ, ਪਰ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਇਹ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਸ਼ਨਾ ਨੇ ਦੱਸਿਆ ਕਿ ਉਸ ਨੂੰ ਇਸ ਦੁਖਦਾਈ ਘਟਨਾ ਬਾਰੇ ਉਸ ਸਮੇਂ ਪਤਾ ਲੱਗਿਆ, ਜਦੋਂ ਉਹ ਫਲਾਈਟ ਵਿੱਚ ਸੀ। ਇਸ ਤੋਂ ਬਾਅਦ ਪ੍ਰਬੰਧਕਾਂ ਨੇ ਰਾਜੀਵ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹੁੰਦੇ ਹੋਏ ਮੱਧ ਪ੍ਰਦੇਸ਼ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਮੁੜ ਸ਼ਡਿਊਲ ਕਰਨ ਦਾ ਫੈਸਲਾ ਕੀਤਾ।

ਰਾਜੀਵ ਠਾਕੁਰ ਆਪਣੇ ਪਿਤਾ ਦੇ ਬੇਹੱਦ ਕਰੀਬ ਸਨ ਅਤੇ ਅਕਸਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ। ਦਸੰਬਰ 2025 ਵਿੱਚ ਉਨ੍ਹਾਂ ਨੇ ਆਪਣੇ ਮਾਪਿਆਂ ਦੀ 70ਵੀਂ ਵਿਆਹ ਦੀ ਵਰ੍ਹੇਗੰਢ ਵੀ ਬੜੇ ਪਿਆਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਈ ਸੀ। ਪਿਛਲੇ ਸਾਲ ਪਿਤਾ ਦੇ ਜਨਮਦਿਨ ਮੌਕੇ ਰਾਜੀਵ ਨੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਦੱਸਿਆ ਸੀ ਕਿ ਪਿਤਾ ਵੱਲੋਂ ਦਿੱਤੇ 10 ਰੁਪਏ ਦੀ ਖੁਸ਼ੀ ਉਨ੍ਹਾਂ ਲਈ ਆਪਣੀ ਕਮਾਈ ਦੇ ਲੱਖਾਂ ਰੁਪਏ ਤੋਂ ਵੀ ਵੱਧ ਕੀਮਤੀ ਹੈ। ਰਾਜੀਵ ਦੇ ਪਿਤਾ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।