ਕੁਵੈਤ ਦੀ ਚਾਰ ਮੰਜ਼ਿਲਾ ਇਮਾਰਤ ’ਚ ਅੱਗ, ਮਜੀਠਾ ਦੇ 35 ਸਾਲਾ ਨੌਜਵਾਨ ਦੀ ਦਰਦਨਾਕ ਮੌਤ

ਨਿਊਜ਼ ਪੰਜਾਬ

18 ਅਗਸਤ,2026

ਹਲਕਾ ਮਜੀਠਾ ਦੇ ਪਿੰਡ ਪੰਧੇਰ ਕਲਾਂ ਨਾਲ ਸਬੰਧਤ 35 ਸਾਲਾ ਜਗਤਾਰ ਸਿੰਘ ਦੀ ਕੁਵੈਤ ਵਿੱਚ ਵਾਪਰੀ ਦਰਦਨਾਕ ਘਟਨਾ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੇਰ ਰਾਤ ਚਾਰ ਮੰਜ਼ਿਲਾ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਜਗਤਾਰ ਸਿੰਘ ਨੇ ਅੱਗ ਦਾ ਪਤਾ ਲੱਗਦਿਆਂ ਹੀ ਇਮਾਰਤ ਵਿੱਚ ਰਹਿੰਦੇ ਹੋਰ ਨੌਜਵਾਨਾਂ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਬਾਹਰ ਨਿਕਲਣ ਵਿੱਚ ਮਦਦ ਕੀਤੀ। ਕਈ ਲੋਕ ਸੁਰੱਖਿਅਤ ਤੌਰ ’ਤੇ ਬਾਹਰ ਨਿਕਲ ਗਏ, ਪਰ ਜਗਤਾਰ ਸਿੰਘ ਕਿਸੇ ਜ਼ਰੂਰੀ ਚੀਜ਼ ਲਈ ਮੁੜ ਇਮਾਰਤ ਅੰਦਰ ਚਲਾ ਗਿਆ, ਜਿੱਥੇ ਉਹ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ।

ਜਗਤਾਰ ਸਿੰਘ ਪਿਛਲੇ ਕਰੀਬ ਪੰਜ ਸਾਲਾਂ ਤੋਂ ਕੁਵੈਤ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਰਹਿ ਰਿਹਾ ਸੀ ਅਤੇ ਉਹ ਦੋ ਛੋਟੇ ਬੱਚਿਆਂ ਦਾ ਪਿਤਾ ਤੇ ਪਰਿਵਾਰ ਦਾ ਇਕੱਲਾ ਕਮਾਊ ਜੀਅ ਸੀ। ਉਸ ਦੀ ਮੌਤ ਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਕੁਵੈਤ ਤੋਂ ਪੰਜਾਬ ਲਿਆਂਦਾ ਜਾਵੇ, ਤਾਂ ਜੋ ਪਰਿਵਾਰ ਉਸ ਦੇ ਅੰਤਿਮ ਦਰਸ਼ਨ ਕਰ ਸਕੇ ਅਤੇ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾ ਸਕੇ।