ਨਿਊਜ਼ ਪੰਜਾਬ
17 ਅਗਸਤ,2026
ਪੰਜਾਬ ਦੇ ਅੰਮ੍ਰਿਤਸਰ ਵਿੱਚ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਭੱਲਾ ਪਿੰਡ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਇੰਟਰਨੈਸ਼ਨਲ ਪੱਧਰ ਦਾ ਕ੍ਰਿਕਟ ਸਟੇਡੀਅਮ ਬਣਾਇਆ ਜਾ ਰਿਹਾ ਹੈ। ਸਟੇਡੀਅਮ ਲਈ ਕਰੀਬ 20 ਤੋਂ 22 ਏਕੜ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ PCA ਵੱਲੋਂ ਜ਼ਮੀਨ ਦਾ ਕਬਜ਼ਾ ਵੀ ਲੈ ਲਿਆ ਗਿਆ ਹੈ। ਹੁਣ ਸਾਈਟ ’ਤੇ ਬਾਊਂਡਰੀ ਵਾਲ ਅਤੇ ਡਿਵੈਲਪਮੈਂਟ ਦਾ ਕੰਮ ਸ਼ੁਰੂ ਹੋਣ ਦੀ ਤਿਆਰੀ ਹੈ।
ਸਟੇਡੀਅਮ ਦੇ 2030 ਤੱਕ ਤਿਆਰ ਹੋਣ ਦੀ ਉਮੀਦ ਹੈ। ਇਸ ਵਿੱਚ ਸ਼ੁਰੂਆਤੀ ਤੌਰ ’ਤੇ 30 ਤੋਂ 35 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ, ਜਿਸ ਨੂੰ ਭਵਿੱਖ ਵਿੱਚ 40 ਹਜ਼ਾਰ ਤੋਂ ਵੱਧ ਕੀਤਾ ਜਾ ਸਕੇਗਾ। ਇੱਥੇ ਵੀਆਈਪੀ ਬਾਕਸ, ਕਾਰਪੋਰੇਟ ਲਾਊਂਜ, ਕਲੱਬ ਹਾਊਸ, ਆਧੁਨਿਕ ਡ੍ਰੈਸਿੰਗ ਰੂਮ, ਫਿਜ਼ਿਓ ਅਤੇ ਰਿਕਵਰੀ ਸਹੂਲਤਾਂ, ਹਾਈਟੈਕ ਮੀਡੀਆ ਸੈਂਟਰ, ਪਾਰਕਿੰਗ ਅਤੇ ਆਧੁਨਿਕ ਫਲੱਡਲਾਈਟਸ ਵਰਗੀਆਂ ਸਹੂਲਤਾਂ ਹੋਣਗੀਆਂ।
ਮੈਦਾਨ ਵਿੱਚ ਆਧੁਨਿਕ ਡਰੇਨੇਜ਼ ਸਿਸਟਮ ਦੇ ਨਾਲ 10 ਤੋਂ 12 ਪ੍ਰੈਕਟਿਸ ਪਿੱਚਾਂ ਬਣਾਉਣ ਦੀ ਵੀ ਯੋਜਨਾ ਹੈ। ਏਅਰਪੋਰਟ ਦੀ ਨੇੜਤਾ ਨੂੰ ਦੇਖਦੇ ਹੋਏ ਫਲੱਡਲਾਈਟਸ ਦੀ ਡਿਜ਼ਾਈਨ ਹਵਾਈ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ। ਸਟੇਡੀਅਮ ਵਿੱਚ ਸੀਸੀਟੀਵੀ, ਫਾਇਰ ਸੇਫਟੀ, ਸਕੋਰਬੋਰਡ ਅਤੇ ਬ੍ਰਾਡਕਾਸਟਿੰਗ ਵਰਗੀਆਂ ਆਧੁਨਿਕ ਸਹੂਲਤਾਂ ਵੀ ਉਪਲਬਧ ਹੋਣਗੀਆਂ।
ਸਟੇਡੀਅਮ ਤਿਆਰ ਹੋਣ ਤੋਂ ਬਾਅਦ ਇੱਥੇ ਵਨਡੇ ਅਤੇ ਟੀ-20 ਇੰਟਰਨੈਸ਼ਨਲ ਮੈਚਾਂ ਦੇ ਨਾਲ IPL ਅਤੇ ਘਰੇਲੂ ਮੁਕਾਬਲੇ ਵੀ ਕਰਵਾਏ ਜਾ ਸਕਦੇ ਹਨ। ਰਣਜੀ ਟਰਾਫੀ, ਵਿਜੈ ਹਜ਼ਾਰੇ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚਾਂ ਤੋਂ ਇਲਾਵਾ ਖਿਡਾਰੀਆਂ ਦੇ ਟ੍ਰੇਨਿੰਗ ਕੈਂਪ ਵੀ ਇੱਥੇ ਲਗਾਏ ਜਾ ਸਕਣਗੇ।
ਇਸ ਪ੍ਰੋਜੈਕਟ ਨਾਲ ਅੰਮ੍ਰਿਤਸਰ ਦੀ ਸਥਾਨਕ ਅਰਥਵਿਵਸਥਾ ਨੂੰ ਵੀ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਮੈਚਾਂ ਦੌਰਾਨ ਬਾਹਰੋਂ ਆਉਣ ਵਾਲੇ ਦਰਸ਼ਕਾਂ, ਖਿਡਾਰੀਆਂ ਅਤੇ ਮੀਡੀਆ ਕਾਰਨ ਹੋਟਲਾਂ, ਰੈਸਟੋਰੈਂਟਾਂ, ਟੈਕਸੀ ਅਤੇ ਹੋਰ ਸਥਾਨਕ ਕਾਰੋਬਾਰਾਂ ਨੂੰ ਫਾਇਦਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਭੱਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਰੁਜ਼ਗਾਰ ਅਤੇ ਵਿਕਾਸ ਦੇ ਨਵੇਂ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਤੋਂ ਇਲਾਵਾ ਬਠਿੰਡਾ ਵਿੱਚ ਵੀ ਸ੍ਰੀ ਮੁਕਤਸਰ ਰੋਡ ’ਤੇ ਕ੍ਰਿਕਟ ਸਟੇਡੀਅਮ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਪੰਜਾਬ ਵਿੱਚ ਕ੍ਰਿਕਟ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲਣ ਅਤੇ ਨੌਜਵਾਨਾਂ ਨੂੰ ਆਪਣੇ ਖੇਤਰ ਵਿੱਚ ਹੀ ਬਿਹਤਰ ਖੇਡ ਸਹੂਲਤਾਂ ਮਿਲਣ ਦੀ ਉਮੀਦ ਹੈ।
