ਸੁਖਬੀਰ ਬਾਦਲ ’ਤੇ ਹਮਲਿਆਂ ਦੀ NIA ਜਾਂਚ ਦੀ ਮੰਗ, ਹਰਸਿਮਰਤ ਕੌਰ ਬਾਦਲ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਨਿਊਜ਼ ਪੰਜਾਬ

17 ਅਗਸਤ,2026

ਬਠਿੰਡਾ ਤੋਂ ਸਾਂਸਦ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲਿਆਂ ਦੀ NIA ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਉਨ੍ਹਾਂ ਕਿਹਾ ਕਿ 13 ਅਗਸਤ 2026 ਨੂੰ ਹੋਏ ਹਮਲੇ ਦੌਰਾਨ ਸੁਖਬੀਰ ਬਾਦਲ ਦੇ ਸੱਜੇ ਹੱਥ ’ਤੇ ਸੱਟ ਲੱਗੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਕਰਮਚਾਰੀ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਹਮਲਾਵਰ ਨੂੰ ਰੋਕਿਆ ਨਾ ਹੁੰਦਾ ਤਾਂ ਘਟਨਾ ਦੇ ਨਤੀਜੇ ਹੋਰ ਵੀ ਗੰਭੀਰ ਅਤੇ ਜਾਨਲੇਵਾ ਹੋ ਸਕਦੇ ਸਨ।

ਹਰਸਿਮਰਤ ਕੌਰ ਬਾਦਲ ਨੇ ਪੱਤਰ ਵਿੱਚ 4 ਦਸੰਬਰ 2024 ਨੂੰ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੋ ਸਾਲਾਂ ਦੇ ਅੰਦਰ ਸੁਖਬੀਰ ਬਾਦਲ ’ਤੇ ਇਹ ਦੂਜਾ ਹਮਲਾ ਹੈ। ਉਨ੍ਹਾਂ ਮੁਤਾਬਕ ਦੋਵੇਂ ਘਟਨਾਵਾਂ ਗੁਰੂ-ਘਰਾਂ ਵਿੱਚ ਵਾਪਰੀਆਂ ਹਨ ਅਤੇ ਇਨ੍ਹਾਂ ਵਿੱਚ ਇੱਕ ਸਪੱਸ਼ਟ ਸਮਾਨਤਾ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਹਮਲਿਆਂ ਦੇ ਪੈਟਰਨ, ਗੰਭੀਰਤਾ ਅਤੇ ਹਾਲਾਤਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹਰਸਿਮਰਤ ਕੌਰ ਨੇ ਦਾਅਵਾ ਕੀਤਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਲਈ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਦੇ ਪਿੱਛੇ ਦੀ ਅਸਲ ਸਾਜ਼ਿਸ਼ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ।