ਰਾਏਕੋਟ ਨੇੜੇ ਭਿਆਨਕ ਸੜਕ ਹਾਦਸਾ, ਛੱਪੜ ’ਚ ਡਿੱਗੀ ਕਾਰ; ‘ਆਪ’ ਯੂਥ ਆਗੂ ਸਮੇਤ 3 ਨੌਜਵਾਨਾਂ ਦੀ ਮੌਤ

ਨਿਊਜ਼ ਪੰਜਾਬ

13 ਅਗਸਤ,2026

ਰਾਏਕੋਟ ਨੇੜਲੇ ਪਿੰਡ ਬੱਸੀਆਂ ਵਿਖੇ ਲੰਘੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਨਕੋਦਰ ਤੋਂ ਦਿੜਬਾ ਵੱਲ ਜਾ ਰਹੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਿੰਡ ਦੇ ਬਾਹਰਵਾਰ ਬਣੇ ਛੱਪੜ ਵਿੱਚ ਜਾ ਡਿੱਗੀ। ਹਾਦਸੇ ਵਿੱਚ ਕਾਰ ਸਵਾਰ ਆਮ ਆਦਮੀ ਪਾਰਟੀ ਦੇ ਯੂਥ ਆਗੂ ਸੰਦੀਪ ਸਿੰਘ ਵਿਰਕ ਸਮੇਤ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਵਿਰਕ, ਬਲਕਾਰ ਸਿੰਘ ਅਤੇ ਵਿਸ਼ਾਲ ਵਜੋਂ ਹੋਈ ਹੈ, ਜੋ ਦਿੜਬਾ ਦੇ ਵਸਨੀਕ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਣ ’ਤੇ 108 ਐਂਬੂਲੈਂਸ ਦੀ ਮਦਦ ਨਾਲ ਪੰਜੇ ਨੌਜਵਾਨਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਇਲਾਕੇ ਅਤੇ ਆਮ ਆਦਮੀ ਪਾਰਟੀ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।