ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਦੇ ਲੰਗਰ ਹਾਲ ’ਚ ਲੱਗੀ ਭਿਆਨਕ ਅੱਗ, ਸਿਲੰਡਰ ’ਚ ਧਮਾਕੇ ਨਾਲ ਮਚਿਆ ਹੜਕੰਪ

ਨਿਊਜ਼ ਪੰਜਾਬ

10 ਅਗਸਤ,2026

ਫਤਿਹਗੜ੍ਹ ਸਾਹਿਬ ਦੇ ਡੇਰਾ ਹੰਸਾਲੀ ਵਿਖੇ ਸਵਰਗਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਸੋਮਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਦੇ ਲੰਗਰ ਹਾਲ ਵਿੱਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਲੰਗਰ ਹਾਲ ਵਿੱਚ ਭੱਠੀਆਂ ਅਤੇ ਸਿਲੰਡਰਾਂ ਦੀ ਪਾਈਪ ਤੋਂ ਅੱਗ ਲੱਗੀ, ਜਿਸ ਦੌਰਾਨ ਇੱਕ ਸਿਲੰਡਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਪੂਰੇ ਹਾਲ ਵਿੱਚ ਧੂੰਆਂ ਫੈਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹਿਲਾਂ ਤੋਂ ਤਾਇਨਾਤ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। ਸਰਹਿੰਦ ਫਾਇਰ ਬ੍ਰਿਗੇਡ ਦੇ ਡਰਾਈਵਰ ਚਰਨਜੀਤ ਸਿੰਘ ਮੁਤਾਬਕ ਸਮਾਗਮ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹਿਲਾਂ ਹੀ ਮੌਕੇ ’ਤੇ ਤਾਇਨਾਤ ਕੀਤੀਆਂ ਗਈਆਂ ਸਨ, ਜਿਸ ਕਾਰਨ ਅੱਗ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਅੱਗ ’ਤੇ ਕਾਬੂ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਅਤੇ ਗੁਰੂ ਘਰ ਪਹੁੰਚੀ ਸੰਗਤ ਨੇ ਸੁੱਖ ਦਾ ਸਾਹ ਲਿਆ।