ਫਾਜ਼ਿਲਕਾ ‘ਚ BSF ਤੇ ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ, 30 ਕਿਲੋ ਹੈਰੋਇਨ ਸਣੇ 2 ਗ੍ਰਿਫ਼ਤਾਰ

ਨਿਊਜ਼ ਪੰਜਾਬ

8 ਅਗਸਤ,2026

ਫਾਜ਼ਿਲਕਾ ਜ਼ਿਲ੍ਹੇ ਵਿੱਚ ਸੁਰੱਖਿਆ ਏਜੰਸੀਆਂ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਰੀਬ 30 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਸਾਂਝਾ ਆਪ੍ਰੇਸ਼ਨ BSF ਦੀ 55ਵੀਂ ਬਟਾਲੀਅਨ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਕੀਤਾ ਗਿਆ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 150 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਤੀਰਵਾਲਾ ਰੋਡ ‘ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਨ੍ਹਾਂ ਕੋਲੋਂ ਗੱਤੇ ਦੇ ਬੰਡਲਾਂ ਵਿੱਚ ਛੁਪਾਏ 53 ਪੈਕੇਟ ਹੈਰੋਇਨ ਮਿਲੇ। ਪੁਲਿਸ ਨੇ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਹੁਣ ਜਾਂਚ ਟੀਮ ਖੇਪ ਦੇ ਸਰੋਤ ਅਤੇ ਇਸ ਨਾਲ ਜੁੜੇ ਪੂਰੇ ਤਸਕਰੀ ਨੈੱਟਵਰਕ ਦਾ ਪਤਾ ਲਗਾਉਣ ਵਿੱਚ ਜੁਟੀ ਹੈ।