ਫੁੱਟਬਾਲ ਜਗਤ ਨੂੰ ਵੱਡਾ ਝਟਕਾ: ਇਟਲੀ ਦੇ ਮਹਾਨ ਡਿਫੈਂਡਰ ਫ੍ਰੈਂਕੋ ਬਰੇਸੀ ਦਾ 66 ਸਾਲ ਦੀ ਉਮਰ ਵਿੱਚ ਦਿਹਾਂਤ

ਨਿਊਜ਼ ਪੰਜਾਬ

1 ਅਗਸਤ,2026

ਫੁੱਟਬਾਲ ਦੇ ਇਤਿਹਾਸ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚ ਸ਼ਾਮਲ ਇਟਲੀ ਦੇ ਸਾਬਕਾ ਕਪਤਾਨ ਫ੍ਰੈਂਕੋ ਬਰੇਸੀ ਦਾ 66 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਕਲੱਬ ਏਸੀ ਮਿਲਾਨ ਵੱਲੋਂ ਕੀਤੀ ਗਈ ਹੈ। ਕਲੱਬ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਰੇਸੀ ਸਿਰਫ਼ ਇੱਕ ਖਿਡਾਰੀ ਨਹੀਂ ਸਨ, ਸਗੋਂ ਏਸੀ ਮਿਲਾਨ ਦੀ ਪਛਾਣ ਅਤੇ ਰੂਹ ਸਨ। 1978 ਵਿੱਚ ਏਸੀ ਮਿਲਾਨ ਲਈ ਡੈਬਿਊ ਕਰਨ ਵਾਲੇ ਬਰੇਸੀ ਨੇ ਆਪਣੇ ਪੂਰੇ ਕਰੀਅਰ ਦੌਰਾਨ ਸਿਰਫ਼ ਇੱਕ ਹੀ ਕਲੱਬ ਦੀ ਨੁਮਾਇੰਦਗੀ ਕੀਤੀ ਅਤੇ 719 ਮੈਚ ਖੇਡੇ।

ਫ੍ਰੈਂਕੋ ਬਰੇਸੀ ਨੇ ਆਪਣੀ ਸ਼ਾਨਦਾਰ ਲੀਡਰਸ਼ਿਪ, ਮਜ਼ਬੂਤ ਡਿਫੈਂਸ ਅਤੇ ਖੇਡ ਨੂੰ ਸਮਝਣ ਦੀ ਕਾਬਲੀਅਤ ਨਾਲ ਫੁੱਟਬਾਲ ਜਗਤ ਵਿੱਚ ਵੱਖਰੀ ਪਛਾਣ ਬਣਾਈ। ਉਨ੍ਹਾਂ ਨੇ ਏਸੀ ਮਿਲਾਨ ਨਾਲ ਛੇ ਸੀਰੀ ਏ ਖਿਤਾਬ ਅਤੇ ਤਿੰਨ ਯੂਰਪੀਅਨ ਕੱਪ ਜਿੱਤੇ, ਜਦਕਿ 1982 ਵਿੱਚ ਇਟਲੀ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਵੀ ਹਿੱਸਾ ਰਹੇ। ਉਨ੍ਹਾਂ ਦੇ ਸਨਮਾਨ ਵਿੱਚ ਏਸੀ ਮਿਲਾਨ ਨੇ ਉਨ੍ਹਾਂ ਦੀ ਮਸ਼ਹੂਰ ਨੰਬਰ 6 ਜਰਸੀ ਨੂੰ ਹਮੇਸ਼ਾ ਲਈ ਰਿਟਾਇਰ ਕਰ ਦਿੱਤਾ ਸੀ। ਫ੍ਰੈਂਕੋ ਬਰੇਸੀ ਦੇ ਦਿਹਾਂਤ ਨਾਲ ਫੁੱਟਬਾਲ ਜਗਤ ਨੇ ਇੱਕ ਮਹਾਨ ਖਿਡਾਰੀ ਅਤੇ ਪ੍ਰੇਰਣਾਦਾਇਕ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ।