ਨਿਊਜ਼ ਪੰਜਾਬ
29 ਜੁਲਾਈ,2026
ਗਲਾਸਗੋ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2026 ਵਿੱਚ ਪੰਜਾਬ ਦੇ ਨਾਭਾ ਨੇੜਲੇ ਮੈਹਸ ਪਿੰਡ ਦੀ ਧੀ ਹਰਜਿੰਦਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 69 ਕਿਲੋਗ੍ਰਾਮ ਵਰਗ ਦੀ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ਹੈ। 29 ਸਾਲਾ ਹਰਜਿੰਦਰ ਨੇ ਸਨੈਚ ਵਿੱਚ 101 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋਗ੍ਰਾਮ ਭਾਰ ਚੁੱਕਦੇ ਹੋਏ ਕੁੱਲ 227 ਕਿਲੋਗ੍ਰਾਮ ਦਾ ਭਾਰ ਉਠਾਇਆ ਅਤੇ ਲਗਾਤਾਰ ਦੂਜੀਆਂ ਕਾਮਨਵੈਲਥ ਗੇਮਜ਼ ਵਿੱਚ ਤਗਮਾ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਉਸ ਨੇ ਬਰਮਿੰਘਮ 2022 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜਦਕਿ ਇਸ ਵਾਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਦੇ ਹੋਏ ਚਾਂਦੀ ਦਾ ਤਗਮਾ ਹਾਸਲ ਕਰਕੇ ਆਪਣੇ ਮੈਡਲ ਦਾ ਰੰਗ ਵੀ ਬਦਲ ਦਿੱਤਾ। ਹਰਜਿੰਦਰ ਨੇ ਸਨੈਚ ਅਤੇ ਕਲੀਨ ਐਂਡ ਜਰਕ ਦੋਵਾਂ ਵਿੱਚ ਆਪਣੀਆਂ ਤਿੰਨੇ ਕੋਸ਼ਿਸ਼ਾਂ ਸਫਲਤਾਪੂਰਵਕ ਪੂਰੀਆਂ ਕੀਤੀਆਂ ਅਤੇ ਕੁਝ ਸਮੇਂ ਲਈ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ, ਜਿਸਨੂੰ ਬਾਅਦ ਵਿੱਚ ਕੈਨੇਡਾ ਦੀ ਸ਼ਾਰਲੋਟ ਸਿਮੋਨੋ ਨੇ ਤੋੜ ਦਿੱਤਾ ਅਤੇ ਸੋਨ ਤਗਮਾ ਜਿੱਤਿਆ। ਹਰਜਿੰਦਰ ਦੀ ਇਸ ਉਪਲਬਧੀ ਨਾਲ ਭਾਰਤ ਦੇ ਤਗਮਿਆਂ ਦੀ ਗਿਣਤੀ 12 ਹੋ ਗਈ ਹੈ ਅਤੇ ਦੇਸ਼ ਤਗਮਾ ਸੂਚੀ ਵਿੱਚ ਨੌਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਕਿਸਾਨ ਪਰਿਵਾਰ ਨਾਲ ਸਬੰਧਤ ਹਰਜਿੰਦਰ ਦੀ ਇਸ ਕਾਮਯਾਬੀ ਤੋਂ ਬਾਅਦ ਨਾਭਾ ਅਤੇ ਮੈਹਸ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ ਅਤੇ ਹਰਜਿੰਦਰ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਸਾਲਾਂ ਦੀ ਕਠਿਨ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਪੰਜਾਬ ਸਗੋਂ ਪੂਰੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
